4 ਜੂਨ ਨੂੰ ਕੇਂਦਰ ਵਿੱਚ ਭਾਰਤੀ ਜਨਤਾ ਪਾਰਟੀ ਦੀ ਜਿੱਤ ਤੋਂ ਬਾਅਦ ਪੰਜਾਬ ਦੀ ਭਗਵੰਤ ਮਾਨ ਸਰਕਾਰ ਵੀ ਜ਼ਿਆਦਾ ਲੰਬਾ ਸਮਾਂ ਨਹੀਂ ਚੱਲੇਗੀ।
ਕੇਂਦਰੀ ਗ੍ਰਹਿ ਮੰਤਰੀ ਅਮਿਤ ਸ਼ਾਹ ਦੇ ਲੁਧਿਆਣਾ ਚੋਣ ਰੈਲੀ ਵਿੱਚ ਐਤਵਾਰ ਨੂੰ ਦਿੱਤੇ ਇਸ ਬਿਆਨ ਨੂੰ ਆਮ ਆਦਮੀ ਪਾਰਟੀ ਸੁਪਰੀਮੋ ਅਰਵਿੰਦ ਕੇਜਰੀਵਾਲ ਨੇ ਸਿੱਧੀ ਧਮਕੀ ਕਰਾਰ ਦਿੱਤਾ ਹੈ।
ਪਰ ਪੰਜਾਬ ਭਾਜਪਾ ਦੇ ਪ੍ਰਧਾਨ ਸੁਨੀਲ ਜਾਖ਼ੜ ਸੋਮਵਾਰ ਨੂੰ ਅਮਿਤ ਸ਼ਾਹ ਦੇ ਬਿਆਨ ਦੀ ਪੁਸ਼ਟੀ ਕਰਦੇ ਨਜ਼ਰ ਆਏ।
ਮੋਗਾ ਵਿੱਚ ਪ੍ਰੈਸ ਕਾਨਫਰੰਸ ਦੌਰਾਨ ਜਦੋਂ ਪੱਤਰਕਾਰਾਂ ਨੇ ਉਨ੍ਹਾਂ ਨੂੰ ਪੁੱਛਿਆ ਕਿ ਆਮ ਆਦਮੀ ਪਾਰਟੀ ਕੋਲ 117 ਵਿੱਚੋਂ 92 ਵਿਧਾਇਕ ਹਨ, ਉਨ੍ਹਾਂ ਦੀ ਸਰਕਾਰ ਕਿਵੇਂ ਟੁੱਟ ਸਕਦੀ ਹੈ।
ਇਸ ਸਵਾਲ ਦੇ ਜਵਾਬ ਵਿੱਚ ਸੁਨੀਲ ਜਾਖੜ ਨੇ ਕਿਹਾ, ''ਜਦੋਂ ਤੱਕ ਭਗਵੰਤ ਮਾਨ ਦੀ ਦੁਕਾਨਦਾਰੀ ਚੱਲਦੀ ਹੈ, ਉਹ ਉਦੋਂ ਤੱਕ ਹੀ ਨਾਲ ਹਨ।''
‘‘ਮੈਂ ਅਮਿਤ ਸ਼ਾਹ ਨੂੰ ਕਿਹਾ ਹੈ ਕਿ ਇੱਕ ਅੱਧਾ ਕਾਂ ਮਾਰ ਕੇ ਟੰਗ ਦਿਓ, ਜਿਹੜੇ ਲੋਕ ਗਰੀਬਾਂ ਨੂੰ ਮੁਹੱਲਾ ਕਲੀਨਿਕਾਂ ਵਿੱਚ ਇਲਾਜ ਕਰਵਾਉਣ ਨੂੰ ਕਹਿੰਦੇ ਹਨ ਅਤੇ ਆਪ ਅੱਖਾਂ ਦੇ ਆਪਰੇਸ਼ਨ ਲਈ ਲੰਡਨ ਜਾਂਦੇ ਹਨ, ਜਦੋਂ ਇਸ ਤਰ੍ਹਾਂ ਦੇ ਨੂੰ ਹੱਥ ਪਿਆ ਤਾਂ ਬਾਕੀਆਂ ਨੇ ਤਾਂ ਆਪੇ ਖਿੱਲਰ ਜਾਣਾ।’’
ਸੁਨੀਲ ਜਾਖੜ ਨੇ ਕਿਹਾ, ‘‘ਇਹ ਤਾਂ ਮਤਲਬ ਲਈ ਬੈਠੇ ਹਨ, ਇਨ੍ਹਾਂ ਦੀ ਵੋਟ ਫੀਸਦ ਹੁਣ ਗਿਰੇਗੀ, ਭਿਅੰਕਰ ਰੂਪ ਨਾਲ ਡਿੱਗੇਰੀ, ਜਿਵੇਂ ਇਹ ਆਏ ਸਨ, ਉਸੇ ਹਿਸਾਬ ਨਾਲ ਡਿੱਗਣਗੇ। ਜਦੋਂ ਵੋਟ ਵੀ ਨਹੀਂ ਪੈਣੀ ਤੇ ਮਾਲ ਵੀ ਬਣਨਾ ਬੰਦ ਹੋ ਜਾਵੇਗਾ ਤਾਂ ਫੇਰ ਕਿਹੜਾ ਪਿਆਰ ਹੈ ਭਗਵੰਤ ਮਾਨ ਜੀ ਨਾਲ।’’