23 ਮਾਰਚ 2003, ਜੋਹਾਨਸਬਰਗ ਦੀ ਉਹ ਕਾਲੀ ਰਾਤ, ਜਿਸ ਵਿਚ ਰਿਕੀ ਪੋਂਟਿੰਗ ਦੀ ਕਪਤਾਨੀ ਵਾਲੀ ਆਸਟ੍ਰੇਲੀਆਈ ਟੀਮ ਨੇ ਸੌਰਵ ਗਾਂਗੁਲੀ ਦੀ ਅਗਵਾਈ ਵਾਲੀ ਭਾਰਤੀ ਟੀਮ ਨੂੰ 125 ਦੌੜਾਂ ਨਾਲ ਹਰਾ ਕੇ ਤੀਜੀ ਵਾਰ ਵਨਡੇ ਵਿਸ਼ਵ ਕੱਪ ਦੀ ਟਰਾਫੀ ਆਪਣੇ ਨਾਂ ਕੀਤੀ ਸੀ। ਹੁਣ ਆਸਟ੍ਰੇਲੀਆ ਪੰਜ ਵਾਰ ਵਿਸ਼ਵ ਚੈਂਪੀਅਨ ਹੈ ਜਦਕਿ ਭਾਰਤ ਨੇ ਇਹ ਟਰਾਫੀ ਸਿਰਫ਼ ਦੋ ਵਾਰ ਜਿੱਤੀ ਹੈ। ਹਾਲਾਂਕਿ, 20 ਸਾਲਾਂ ਬਾਅਦ ਸਭ ਕੁਝ ਬਦਲ ਗਿਆ ਹੈ। ਆਸਟ੍ਰੇਲੀਆ ਹੁਣ ਪਹਿਲਾਂ ਵਰਗਾ ਨਹੀਂ ਰਿਹਾ ਅਤੇ ਨਾ ਹੀ ਭਾਰਤ ਦੀ ਕੋਈ ਕਮਜ਼ੋਰੀ ਹੈ। ਜਿਸ ਤਰ੍ਹਾਂ ਭਾਰਤੀ ਟੀਮ ਨੇ 10 ’ਚੋਂ 10 ਮੈਚ ਸ਼ਾਨਦਾਰ ਅਤੇ ਖਤਰਨਾਕ ਤਰੀਕੇ ਨਾਲ ਜਿੱਤੇ ਹਨ, ਉਸ ’ਚ ਕੋਈ ਕਮਜ਼ੋਰੀ ਨਜ਼ਰ ਨਹੀਂ ਆ ਰਹੀ।
ਹੁਣ ਭਾਰਤ ਕੋਲ ਆਸਟ੍ਰੇਲੀਆ ਨਾਲ ਹਿਸਾਬ ਬਰਾਬਰ ਕਰਨ ਅਤੇ ਤੀਜੀ ਵਿਸ਼ਵ ਕੱਪ ਟਰਾਫੀ ਜਿੱਤਣ ਦਾ ਸੁਨਹਿਰੀ ਮੌਕਾ ਹੈ ਕਿਉਂਕਿ ਮੈਦਾਨ ਸਾਡਾ ਹੈ ਅਤੇ ਇੱਛਾਵਾਂ ਵੀ ਸਾਡੀਆਂ ਹਨ। 2003 ਵਿਚ ਫਾਈਨਲ ਵਿਚ ਸੌਰਵ ਗਾਂਗੁਲੀ ਨੇ ਟਾਸ ਜਿੱਤ ਕੇ ਪਹਿਲਾਂ ਗੇਂਦਬਾਜ਼ੀ ਕਰਨ ਦਾ ਫੈਸਲਾ ਕੀਤਾ ਸੀ ਪਰ ਇੱਥੇ ਜੇਕਰ ਰੋਹਿਤ ਸ਼ਰਮਾ ਜਿੱਤਦਾ ਹੈ ਤਾਂ ਉਹ ਪਹਿਲਾਂ ਬੱਲੇਬਾਜ਼ੀ ਕਰ ਸਕਦਾ ਹੈ। ਉਦੋਂ ਐਡਮ ਗਿਲਕ੍ਰਿਸਟ ਅਤੇ ਮੈਥਿਊ ਹੇਡਨ ਦੀ ਜੋੜੀ ਨੇ ਆਸਟ੍ਰੇਲੀਆ ਨੂੰ ਸ਼ਾਨਦਾਰ ਸ਼ੁਰੂਆਤ ਦਿੱਤੀ ਅਤੇ ਸਿਰਫ 14 ਓਵਰਾਂ ’ਚ 105 ਦੌੜਾਂ ਦਾ ਸਕੋਰ ਬੋਰਡ ’ਤੇ ਖੜ੍ਹਾ ਕਰ ਦਿੱਤਾ ਪਰ ਇਸ ਵਾਰ ਜਸਪ੍ਰੀਤ ਬੁਮਰਾਹ ਅਤੇ ਮੁਹੰਮਦ ਸ਼ਮੀ ਟਰੈਵਿਸ ਅਤੇ ਡੇਵਿਡ ਵਾਰਨਰ ਨੂੰ ਅਜਿਹਾ ਨਹੀਂ ਕਰਨ ਦੇਣਗੇ।