ਪੰਜਾਬ ਦੇ ਸਿਆਸੀ ਆਗੂ, ਇਕ ਦੂਜੇ ਨੂੰ ਨੀਵਾਂ ਵਿਖਾਉਣ ਵਾਸਤੇ ਜਿਸ ਤਰ੍ਹਾਂ ਦੇ ਬਿਆਨ ਦੇ ਰਹੇ ਹਨ, ਸੱਚ ਪੁੱਛੋ ਤਾਂ ਉਨ੍ਹਾਂ ਨਾਲ ਉਹ ਅਪਣੇ ਆਪ ਨੂੰ ਹੀ ਬੇਨਕਾਬ ਕਰ ਰਹੇ ਹਨ। ਸੁਨੀਲ ਜਾਖੜ ਜੀ ਨੇ ਅੱਜ ਸੋਸ਼ਲ ਮੀਡੀਆ ’ਤੇ ਇਕ ਸੁਨੇਹਾ ਦਿੰਦੇ ਹੋਏ ਆਪ ਦੇ ਐਮਪੀ ਸੰਦੀਪ ਪਾਠਕ ਨੂੰ ਸਵਾਲ ਕੀਤਾ ਹੈ ਕਿ ਜਦ ਪੰਜਾਬ ਦੇ ਪਾਣੀਆਂ ਚੋਂ ਹਰਿਆਣੇ ਨੂੰ ਜਾਂਦਾ ਹਿੱਸਾ ਪਹਿਲਾਂ ਹੀ ਵਾਧੂ ਹੈ, (ਪੰਜਾਬ 12.24 ਐਮਏਐਫ਼ ਤੇ ਹਰਿਆਣਾ 13.30 ਐਮਏਐਫ਼) ਤਾਂ ਫਿਰ ਪੰਜਾਬ ਤੋਂ ਹੋਰ ਪਾਣੀ ਕਿਵੇਂ ਮੰਗਿਆ ਜਾ ਰਿਹਾ ਹੈ? ਜਾਖੜ ਜੀ ਦਾ ਇਹ ਸਵਾਲ ਸਿਰਫ਼ ਪਾਣੀਆਂ ਦੀ ਵੰਡ ਤਕ ਸੀਮਤ ਨਹੀਂ ਬਲਕਿ ਉਹ ਐਮ.ਪੀ. ਸੰਦੀਪ ਪਾਠਕ ਦੀ ਪੰਜਾਬ ਦੇ ਐਮ.ਪੀ. ਦੀ ਸੀਟ ਪ੍ਰਤੀ ਜ਼ਿੰਮੇਵਾਰੀ ਵੀ ਅਪਣੇ ਉਪਰ ਲੈਂਦੇ ਹਨ।
ਪਰ ਨਾਲ ਨਾਲ ਜਾਖੜ ਸਾਹਿਬ ਆਪ ਵੀ ਕਟਹਿਰੇ ਵਿਚ ਖੜੇ ਹੁੰਦੇ ਹਨ ਕਿਉਂਕਿ ਪਾਣੀ ਦੀ ਵੰਡ, ‘ਆਪ’ ਵਾਲਿਆਂ ਨੇ ਨਹੀਂ ਸੀ ਕੀਤੀ ਬਲਕਿ ਕਾਂਗਰਸ ਤੇ ਅਕਾਲੀ ਦਲ ਨੇ ਕੀਤੀ ਸੀ ਤੇ ਇਸ ਦੀ ਰਾਖੀ ਵੀ ਕੀਤੀ। ਹਾਂ, ਐਸ.ਵਾਈ.ਐਲ. ਦੇ ਆਖ਼ਰੀ ਪੜਾਅ ਦੇ ਬਣਨ ਤੇ ਪਾਣੀਆਂ ਦੇ ਰਾਖੇ ਅਖਵਾਉਣ ਵਾਲੇ ਕੈਪਟਨ ਅਮਰਿੰਦਰ ਦੀ ਰੀਸ ਵਿਚ ਸਾਰੇ ਸਿਆਸਤਦਾਨ ਲੱਗ ਜਾਂਦੇ ਹਨ ਪਰ ਅੱਜ ਤਕ ਕਿਸੇ ਨੇ ਇਹ ਆਵਾਜ਼ ਨਹੀਂ ਚੁਕੀ ਕਿ ਜਿਹੜਾ ਵਾਧੂ ਪਾਣੀ ਪੰਜਾਬ ਤੋਂ ਜਾ ਰਿਹਾ ਹੈ, ਉਸ ਦਾ ਪੰਜਾਬ ਦੇ ਲੋਕਾਂ ਨੂੰ ਖ਼ਮਿਆਜ਼ਾ ਕਿੰਨਾ ਭੁਗਤਣਾ ਪੈ ਰਿਹਾ ਹੈ।