ਮੁੱਖ ਮੰਤਰੀ ਭਗਵੰਤ ਸਿੰਘ ਮਾਨ ਨੇ ਅੱਜ ਨਾਂ ਲਏ ਬਿਨਾਂ ਗ੍ਰਿਫ਼ਤਾਰ ਕਾਂਗਰਸੀ ਵਿਧਾਇਕ ਸੁਖਪਾਲ ਖਹਿਰਾ 'ਤੇ ਤੰਜ ਕੱਸਿਆ। ਮੁੱਖ ਮੰਤਰੀ ਮਾਨ ਨੇ ਕਿਹਾ ਕਿ ਜਿਨ੍ਹਾਂ ਨੇ ਪੰਜਾਬ ਦਾ ਖ਼ਜ਼ਾਨਾ ਲੁੱਟਿਆ ਹੈ ਉਨ੍ਹਾਂ ਸਾਰਿਆਂ ਦਾ ਹਿਸਾਬ-ਕਿਤਾਬ ਹੋਵੇਗਾ। ਇਸ ਤੋਂ ਇਲਾਵਾ ਜਿਨ੍ਹਾਂ ਦਾ ਨਾਂ 5 ਸਾਲ ਜਾਂ 10-15 ਸਾਲ ਪਹਿਲਾਂ ਵੀ ਨਸ਼ਾ ਤਸਕਰੀ ਵਿੱਚ ਆਇਆ ਤੇ ਉਨ੍ਹਾਂ ਨੇ ਬਾਅਦ ਵਿੱਚ ਦੂਜੀ ਸਰਕਾਰ ਨਾਲ ਮਿਲ ਕੇ ਆਪਣਾ ਨਾਮ ਮਾਮਲੇ ਵਿੱਚੋਂ ਕੱਢਵਾ ਲਿਆ ਉਹ ਵੀ ਬਖ਼ਸ਼ੇ ਨਹੀਂ ਜਾਣਗੇ। ਮੁੱਖ ਮੰਤਰੀ ਨੇ ਕਿਹਾ ਕਿ ਪਹਿਲਾਂ ਜੁਗਾੜ ਚੱਲ ਗਏ ਸਨ ਪਰ ਹੁਣ ਤਾਂ ਹਿਸਾਬ ਦੇਣਾ ਹੀ ਪਵੇਗਾ।
ਮੁੱਖ ਮੰਤਰੀ ਭਗਵੰਤ ਮਾਨ ਨੇ ਕਿਹਾ ਕਿ ਜੇਕਰ ਇਸ ਦੁਨੀਆ ਵਿੱਚ ਹਿਸਾਬ ਨਾ ਹੋਇਆ ਤਾਂ ਪਰਮਾਤਮਾ ਦੀ ਕਚਹਿਰੀ ਵਿੱਚ ਤਾਂ ਜ਼ਰੂਰ ਲੇਖਾ ਦੇਣਾ ਪਵੇਗਾ ਤੇ ਉਥੇ ਕੋਈ ਵਕੀਲ ਵੀ ਨਹੀਂ ਮਿਲਣਾ ਕਿਉਂਕਿ ਉਥੇ ਅਮਲਾਂ ਦੇ ਨਿਬੇੜੇ ਹੁੰਦੇ ਹਨ। ਮਾਨ ਨੇ ਪੰਜਾਬੀਆਂ ਨੂੰ ਸੰਬੋਧਨ ਹੁੰਦਿਆਂ ਕਿਹਾ ਕਿ ਮੇਰੇ 'ਤੇ ਯਕੀਨ ਰੱਖਿਓ ਜਿਨ੍ਹਾਂ-ਜਿਨ੍ਹਾਂ ਨੇ ਪੰਜਾਬ ਦਾ ਪੈਸਾ ਲੁੱਟਿਆ ਹੈ ਮੇਰੇ ਹੁੰਦਿਆਂ ਉਹ ਨਹੀਂ ਬਚਦੇ। ਜਿਨ੍ਹਾਂ ਨੇ ਜੁਆਕਾਂ ਦੀਆਂ ਜਵਾਨੀਆਂ ਤੇ ਤੁਹਾਡਾ ਬੁਢਾਪਾ ਰੋਲਿਆ ਹੈ, ਉਹ ਬਖਸ਼ੇ ਨਹੀਂ ਜਾਣਗੇ।