ਸਾਬਕਾ ਅਕਾਲੀ ਮੰਤਰੀ ਬਿਕਰਮ ਸਿੰਘ ਮਜੀਠੀਆ ਨੇ ਆਪ ਸੁਪਰੀਮੋ ਅਰਵਿੰਦ ਕੇਜਰੀਵਾਲ ਤੋਂ ਮੁੱਖ ਮੰਤਰੀ ਭਗਵੰਤ ਮਾਨ ਨੂੰ ਬਰਖਾਸਤ ਕਰਨ ਦੀ ਮੰਗ ਕੀਤੀ ਹੈ। ਮਜੀਠੀਆ ਨੇ ਅੱਜ ਵੀਡੀਓ ਸੰਦੇਸ਼ ਰਾਹੀਂ ਪੰਚਾਇਤਾਂ ਭੰਗ ਕਰਨ ਸਬੰਧੀ ਸਰਕਾਰੀ ਸਦਸਤਾਵੇਜ਼ੀ ਸਾਬੂਤ ਪੇਸ਼ ਕਰਦਿਆ ਕਿਹਾ ਕਿ ਇਹ ਫੈਸਲਾ ਮੁੱਖ ਮੰਤਰੀ ਅਤੇ ਪੰਚਾਇਤ ਮੰਤਰੀ ਦਾ ਸੀ, ਪਰ ਹਾਈਕੋਰਟ ਵਿਚ ਫਟਕਾਰ ਖਾਣ ਤੋਂ ਬਾਅਦ ਗਾਜ਼ ਅਫ਼ਸਰਾਂ 'ਤੇ ਸੁੱਟ ਦਿੱਤੀ ਹੈ। ਜਦਕਿ ਸਰਕਾਰ ਨੇ ਅਫ਼ਸਰਾਂ ਦੇ ਗਲ਼ ਵਿਚ ਅੰਗੂਠਾ ਦੇ ਕੇ ਫੈਸਲਾ ਕਰਵਾਇਆ । ਉਹਨਾਂ ਕਿਹਾ ਕਿ ਪੰਚਾਇਤ ਲੋਕਤੰਤਰ ਦੀ ਪਹਿਲੀ ਇਕਾਈ ਹਨ ਪਰ ਮਾਨ ਸਰਕਾਰ ਨੇ ਲੋਕਤੰਤਰ ਦੀ ਹੱਤਿਆ ਕੀਤੀ ਹੈ।
ਉਹਨਾਂ ਸਰਕਾਰੀ ਫ਼ਾਇਲ ਦੀ ਨੋਟਿੰਗ ਦਿਖਾਉੰਦੇ ਹੋਏ ਕਿਹਾ ਕਿ 3 ਅਗਸਤ ਨੂੰ ਸੁਪਰਡੈੱਟ ਨੇ ਪੰਚਾਇਤਾਂ ਭੰਗ ਕਰਨ ਦੀ ਫਾਈਲ ਮੂਵ ਕੀਤੀ ਤੇ ਉਸੀ ਦਿਨ ਡਾਇਰੈਕਟਰ ਪੰਚਾਇਤ ਗੁਰਪ੍ਰੀਤ ਸਿੰਘ ਖਹਿਰਾ ਨੇ ਦਸਤਖਤ ਕੀਤੇ ਤੇ ਦੂਜੇ ਦਿਨ ਪ੍ਰਮੁੱਖ ਸਕੱਤਰ DK ਤਿਵਾੜੀ ਨੇ ਦਸਤਖਤ ਕੀਤੇ । ਮਜੀਠੀਆ ਨੇ ਕਿਹਾ ਕਿ ਅਫਸਰਾਂ ਨੇ ਆਪਣੀ ਨੋਟਿੰਗ ਵਿਚ ਲਿਖਿਆ ਕਿ ਸਮੇਂ ਤੋਂ ਪਹਿਲਾਂ ਪੰਚਾਇਤਾਂ ਭੰਗ ਨਹੀਂ ਹੋ ਸਕਦੀਆਂ ਇਹਨਾਂ ਦੀ ਮਿਆਦ ਜਨਵਰੀ 2024 ਤੱਕ ਹੈ॥ ਪਰ ਮੁੱਖ ਮੰਤਰੀ ਨੇ ਅਫਸਰਾਂ ਤੋਂ ਧੱਕੇ ਨਾਲ ਕੰਮ ਕਰਵਾਇਆ । ਉਹਨਾਂ ਕਿਹਾ ਕਿ 7 ਅਗਸਤ ਨੂੰ ਪੰਚਾਇਤ ਮੰਤਰੀ ਲਾਲਜੀਤ ਭੁੱਲਰ ਨੇ ਦਸਤਖਤ ਕੀਤੇ ਤੇ ਉਸੀ ਦਿਨ ਮੁੱਖ ਮੰਤਰੀ ਨੇ ਹਸਤਾਖਰ ਕਰ ਦਿੱਤੇ ।