ਕੈਨੇਡਾ ਦੇ ਸ਼ਹਿਰ ਨੌਰਥ ਬੇਅ ਦੇ ਕਾਲਜ ਕੈਨਾਡੋਰ ਅਤੇ ਨਿਪਸਿੰਗ ਯੂਨੀਵਰਸਿਟੀ ਵਿੱਚ ਪੜ੍ਹਨ ਆਏ ਅੰਤਰਰਾਸ਼ਟਰੀ ਵਿਦਿਆਰਥੀਆਂ ਨੂੰ ਰਿਹਾਇਸ਼ ਨਹੀਂ ਮਿਲ ਰਹੀ ਤੇ ਉਹਨਾਂ ਦੀ ਹਾਲਤ ਬੇਘਰਿਆਂ ਵਰਗੀ ਹੋਈ ਪਈ ਹੈ। ਅੱਜ ‘ਮੌਂਟਰੀਅਲ ਯੂਥ-ਸਟੂਡੈਂਟਸ ਆਰਗੇਨਾਈਜੇਸ਼ਨ’ ਦੇ ਆਗੂ ਖੁਸ਼ਪਾਲ ਗਰੇਵਾਲ, ਮਨਪ੍ਰੀਤ ਕੌਰ, ਹਰਿੰਦਰ ਮਹਿਰੋਕ, ਵਰੁਣ ਖੰਨਾ ਤੇ ਮਨਦੀਪ ਨੇ ਅੰਤਰਰਾਸ਼ਟਰੀ ਵਿਦਿਆਰਥੀਆਂ ਨਾਲ ਮੀਟਿੰਗ ਕਰਕੇ ਉਹਨਾਂ ਦੀਆਂ ਸਮੱਸਿਆਵਾਂ ਉੱਤੇ ਵਿਚਾਰ-ਚਰਚਾ ਕੀਤੀ। ਆਗੂਆਂ ਨੇ ਦੱਸਿਆ ਕਿ ਕੈਨੇਡਾ ਦੇ ਸ਼ਹਿਰ ਨੌਰਥ ਬੇਅ ਦੇ ਇੱਕ ਕਾਲਜ ਕੈਨਾਡੋਰ ਅਤੇ ਨਿਪਸਿੰਗ ਯੂਨੀਵਰਸਿਟੀ ਵਿੱਚ ਪੜ੍ਹਨ ਆਏ ਸੈਂਕੜੇ ਵਿਦਿਆਰਥੀਆਂ ਨੂੰ ਰਿਹਾਇਸ਼ੀ ਕਮਰੇ ਨਹੀਂ ਮਿਲ ਰਹੇ।
ਸਮੱਸਿਆ ਦਾ ਸਾਹਮਣਾ ਕਰ ਰਹੇ ਵਿਦਿਆਰਥੀਆਂ ਵਿੱਚੋਂ ਦੋ ਸੌ ਦੇ ਕਰੀਬ ਵਿਦਿਆਰਥੀ, ਜੱਥੇਬੰਦੀ ਦੇ ਵਟਸਅੱਪ ਗਰੁੱਪ ਨਾਲ ਜੁੜੇ ਹੋਏ ਹਨ ਅਤੇ ਅਨੇਕਾਂ ਵਿਦਿਆਰਥੀ ਮਹਿੰਗੇ ਹੋਟਲਾਂ, ਮੋਟਲਾਂ ਅਤੇ ਦੂਰ-ਦੁਰਾਡੇ ਸ਼ਹਿਰਾਂ ਵਿੱਚ ਰਹਿ ਰਹੇ ਹਨ। ਰਿਹਾਇਸ਼ ਦੀ ਘਾਟ ਕਾਰਨ ਕਈ ਵਿਦਿਆਰਥੀ ਸਰਗਰਮ ਹੋਏ ਆਨਲਾਇਨ ਜਾਲਸਾਜਾਂ ਦੀ ਧੋਖਾਧੜੀ ਦਾ ਸ਼ਿਕਾਰ ਹੋਕੇ ਸੈਂਕੜੇ ਡਾਲਰਾਂ ਦੀ ਲੁੱਟ ਦਾ ਸ਼ਿਕਾਰ ਹੋ ਰਹੇ ਹਨ। ਮੁਸ਼ਕਲਾਂ ਦਾ ਸਾਹਮਣਾ ਕਰ ਰਹੇ ਜਿਆਦਾਤਰ ਵਿਦਿਆਰਥੀ ਭਾਰਤ ਤੋਂ ਹਨ।