ਪੰਜਾਬ ’ਚ ਅਗਸਤ ਵਿਚ ਹਰ ਦੂਜੇ ਦਿਨ ਰੁਕ-ਰੁਕ ਕੇ ਬਾਰਿਸ਼ ਹੁੰਦੀ ਰਹੀ। ਰੋਜ਼ਾਨਾ ਕਿਸੇ ਨਾ ਕਿਸੇ ਜ਼ਿਲ੍ਹੇ ਵਿਚ ਥੋੜ੍ਹੀ ਬਹੁਤ ਬਾਰਿਸ਼ ਜਾਂ ਬੂੰਦਾਬਾਂਦੀ ਹੋ ਰਹੀ ਸੀ। ਪਰ ਸਤੰਬਰ ਦਾ ਪਹਿਲਾ ਹਫ਼ਤਾ ਖ਼ੁਸ਼ਕ ਰਹੇਗਾ। ਮੌਸਮ ਕੇਂਦਰ ਚੰਡੀਗੜ੍ਹ ਮੁਤਾਬਕ ਅੱਠ ਸਤੰਬਰ ਤੱਕ ਪੰਜਾਬ ਵਿਚ ਬਾਰਿਸ਼ ਦੀ ਸੰਭਾਵਨਾ ਨਹੀਂ ਹੈ। ਮੌਸਮ ਪੂਰੀ ਤਰ੍ਹਾਂ ਸਾਫ਼ ਰਹੇਗਾ। ਇਸ ਦੌਰਾਨ ਵੱਧ ਤੋਂ ਵੱਧ ਤਾਪਮਾਨ 35 ਤੋਂ 37 ਡਿਗਰੀ ਸੈਲਸੀਅਸ ਵਿਚਾਲੇ ਰਹਿ ਸਕਦਾ ਹੈ।
ਹਾਲਾਂਕਿ ਹੁਮਸ ਭਰੀ ਗਰਮੀ ਤੋਂ ਥੋੜ੍ਹੀ ਰਾਹਤ ਮਿਲੇਗੀ। ਨੌਂ ਸਤੰਬਰ ਤੋਂ ਬਾਅਦ ਮੌਸਮ ਬਦਲ ਸਕਦਾ ਹੈ। ਪੱਛਮੀ ਗੜਬੜੀ ਦੇ ਸਰਗਰਮ ਹੋਣ ਨਾਲ ਹਿਮਾਚਲ ਵਿਚ ਬਾਰਿਸ਼ ਦੀ ਸੰਭਾਵਨਾ ਹੈ। ਜਿਸ ਦਾ ਅਸਰ ਪੰਜਾਬ ਦੇ ਕਈ ਜ਼ਿਲ੍ਹਿਆਂ ਵਿਚ ਵੀ ਰਹੇਗਾ। ਇਸ ਤੋਂ ਪਹਿਲਾਂ ਸ਼ਨਿਚਰਵਾਰ ਨੂੰ ਵੀ ਮੌਸਮ ਸਾਫ਼ ਰਿਹਾ। ਪੰਜਾਬ ਦੇ ਜ਼ਿਆਦਾਤਰ ਜ਼ਿਲਿਆਂ ਵਿਚ ਵੱਧ ਤੋਂ ਵੱਧ ਤਾਪਮਾਨ 35 ਡਿਗਰੀ ਸੈਲਸੀਅਸ ਵਿਚਾਲੇ ਰਿਹਾ। ਜਦਕਿ ਘੱਟੋ ਘੱਟ ਤਾਪਮਾਨ 26 ਡਿਗਰੀ ਸੈਲਸੀਅਸ ਦੇ ਨੇੜੇ ਰਿਹਾ।