ਮੁੱਖ ਮੰਤਰੀ ਭਗਵੰਤ ਮਾਨ ਨੇ ਅੱਜ 76 ਨਵੇਂ ਮੁਹੱਲਾ ਕਲੀਨਿਕਾਂ ਦੀ ਪੰਜਾਬ ਵਾਸੀਆਂ ਨੂੰ ਵੱਡੀ ਸੌਗਾਤ ਦਿੱਤੀ ਹੈ। ਸੰਗਰੂਰ ਦੇ ਧੂਰੀ ਹਲਕੇ ਤੋਂ ਉਨ੍ਹਾਂ ਨੇ ਨਵੇਂ ਕਲੀਨਿਕਾਂ ਦਾ ਉਦਘਾਟਨ ਕਰਦੇ ਹੋਏ ਸਿਹਤ ਸਹੂਲਤਾਂ ਨੂੰ ਬਿਹਤਰ ਕਰਨ ਦੀ ਵਚਨਬੱਧਤਾ ਦੁਹਰਾਈ।ਇਸ ਦੌਰਾਨ ਉਨ੍ਹਾਂ ਨੇ ਕਿਹਾ ਕਿ ਖੁਦ ਨੂੰ ਸਿਆਣਾ ਅਤੇ ਤਜਰਬੇਕਾਰ ਸਮਝਣ ਵਾਲੇ ਨੇਤਾਵਾਂ ਦੀ ਪੰਜਾਬ ਨੂੰ ਕੋਈ ਜ਼ਰੂਰਤ ਨਹੀਂ ਹੈ ਕਿਉਂਕਿ ਇਨ੍ਹਾਂ ਲੀਡਰਾਂ ਨੇ ਹੀ ਸੱਤਾ ਵਿੱਚ ਹੁੰਦਿਆਂ ਸੂਬੇ ਦੀ ਲੁੱਟ ਕੀਤੀ ਸੀ। ਸੀਐਮ ਭਗਵੰਤ ਸਿੰਘ ਮਾਨ ਨੇ ਕਿਹਾ, “ਮੈਂ ਤਾਂ ਇਨ੍ਹਾਂ ਲੀਡਰਾਂ ਦੇ ਮਾੜੇ ਕਾਰਨਾਮਿਆਂ ਦੀ ਫਾਈਲਾਂ ਵੇਖ ਕੇ ਹੱਕਾ-ਬੱਕਾ ਰਹਿ ਗਿਆ ਹਾਂ। ਅਸਲ 'ਚ ਇਹ ਫਾਈਲਾਂ ਪੰਜਾਬੀਆਂ ਦੇ ਲਹੂ ਨਾਲ ਭਿੱਜੀਆਂ ਹੋਈਆਂ ਹਨ।
ਇਨ੍ਹਾਂ ਨੇਤਾਵਾਂ ਨੂੰ ਕੀਤੇ ਗਏ ਗੁਨਾਹਾਂ ਲਈ ਜੁਆਬਦੇਹ ਬਣਾਵਾਂਗਾ ਤੇ ਲੋਕਾਂ ਦੀ ਕੀਤੀ ਗਈ ਲੁੱਟ ਦਾ ਇੱਕ-ਇੱਕ ਪੈਸਾ ਵਸੂਲ ਕਰਦਾ ਰਹਾਂਗਾ। ਸਾਬਕਾ ਵਿੱਤ ਮੰਤਰੀ ਮਨਪ੍ਰੀਤ ਸਿੰਘ ਬਾਦਲ ਉਪਰ ਨਿਸ਼ਾਨਾ ਵਿੰਨ੍ਹਦੇ ਹੋਏ ਸੀਐਮ ਨੇ ਕਿਹਾ ਕਿ ਇਸ ਭਾਜਪਾ ਨੇਤਾ ਨੇ ਸੱਤਾ 'ਚ ਹੁੰਦਿਆਂ ਇਕ ਪਾਸੇ ਤਾਂ ਸੂਬੇ 'ਚ ਈ-ਸਟੈਂਪ ਵਿਵਸਥਾ ਲਾਗੂ ਕਰ ਦਿੱਤੀ ਤੇ ਦੂਜੇ ਪਾਸੇ 1266 ਕਰੋੜ ਰੁਪਏ ਦੇ ਸਟੈਂਪ ਪੇਪਰ ਛਾਪਣ ਦੇ ਹੁਕਮ ਦੇ ਦਿੱਤੇ ਜਿਸ ਉਪਰ 57 ਕਰੋੜ ਰੁਪਏ ਦੀ ਲਾਗਤ ਆਉਣੀ ਸੀ।