ਮੁੱਖ ਮੰਤਰੀ ਭਗਵੰਤ ਮਾਨ ਨੇ ਅੱਜ ਲੁਧਿਆਣਾ ਨੂੰ ਸੌਗਾਤ ਦਿੱਤੀ ਹੈ। ਸੀਐਮ ਮਾਨ ਨੇ ਨਗਰ ਨਿਗਮ ਲੁਧਿਆਣਾ ਲਈ 50 ਟਰੈਕਟਰਾਂ ਨੂੰ ਹਰੀ ਝੰਡੀ ਵਿਖਾਈ ਹੈ। ਉਨ੍ਹਾਂ ਨੇ ਸ਼ਹਿਰ ਦੀ ਸਫਾਈ ਲਈ ਅਤਿ ਆਧੁਨਿਕ ਮਸ਼ੀਨ ਵੀ ਲੋਕਾਂ ਨੂੰ ਸਮਰਪਿਤ ਕੀਤੀਆਂ। ਇਸ ਤੋਂ ਇਲਾਵਾ ਸੀਐਮ ਨੇ ਸੁਪਰ ਸੈਕਸ਼ਨ ਕਮ ਜੈਟਿੰਗ ਮਸ਼ੀਨ ਨੂੰ ਵੀ ਹਰੀ ਝੰਡੀ ਵਿਖਾਈ ਇਸ ਦੇ ਨਾਲ ਹੀ ਸੀਐਮ ਮਾਨ ਨੇ ਕਿਹਾ ਕਿ 25,000 ਸ਼ਹਿਰੀ ਗ਼ਰੀਬ ਪਰਿਵਾਰਾਂ ਨੂੰ ਮਕਾਨ ਬਣਾਉਣ ਲਈ 101 ਕਰੋੜ ਰੁਪਏ ਜਾਰੀ ਕਰ ਰਹੇ ਹਾਂ। ਮੁੱਖ ਮੰਤਰੀ ਭਗਵੰਤ ਸਿੰਘ ਮਾਨ ਨੇ ਕਿਹਾ ਕਿ ਪੰਜਾਬ ਦੇ ਲੋਕਾਂ ਨੂੰ ਇਸ ਦਾ 101 ਕਰੋੜ ਰੁਪਏ ਦਾ ਲਾਭ ਮਿਲੇਗਾ। ਪ੍ਰਤੀ ਪ੍ਰਵਾਰ ਨੂੰ 1 ਲੱਖ 75 ਹਜ਼ਾਰ ਰੁਪਏ ਦਿਤੇ ਜਾਣਗੇ।
ਉਨ੍ਹਾਂ ਕਿਹਾ ਕਿ ਇਹ ਇਕੱਠ ਸ਼ਕਤੀ ਪ੍ਰਦਰਸ਼ਨ ਨਹੀਂ ਹੈ। ਸਰਕਾਰਾਂ ਦਾ ਫਰਜ਼ ਬਣਦਾ ਹੈ ਕਿ ਹਰ ਵਿਅਕਤੀ ਨੂੰ ਰੋਟੀ, ਕੱਪੜਾ ਅਤੇ ਮਕਾਨ ਮਿਲੇ। ਅੱਜ ਆਮ ਆਦਮੀ ਪਾਰਟੀ ਦੀ ਸਰਕਾਰ ਨੇ ਮਕਾਨ ਬਣਾਉਣ ਲਈ ਗਰੀਬ ਲੋਕਾਂ ਨੂੰ ਪੈਸੇ ਜਾਰੀ ਕਰ ਦਿਤੇ ਹਨ। ਮਾਨ ਨੇ ਕਿਹਾ ਕਿ ਇਹ ਪੈਸਾ ਲੋਕਾਂ ਦਾ ਹੀ ਹੈ। ਇਹ ਪੈਸਾ ਟੈਕਸਾਂ ਰਾਹੀਂ ਇਕੱਠਾ ਕੀਤਾ ਗਿਆ ਹੈ। ਇਹ ਪੈਸਾ ਕਿਸੇ ਨਾ ਕਿਸੇ ਸਕੀਮ ਤਹਿਤ ਲੋਕਾਂ ਨੂੰ ਵਾਪਸ ਕਰ ਦਿਤਾ ਜਾਂਦਾ ਹੈ। ਉਨ੍ਹਾਂ ਕਿਹਾ ਕਿ ਸਰਕਾਰ ਨੇ ਮਾਚਿਸ ਦੀ ਵਿਕਰੀ 'ਤੇ ਵੀ ਟੈਕਸ ਲਗਾ ਦਿਤਾ ਹੈ, ਜਿਸ ਦਾ ਭੁਗਤਾਨ ਜਨਤਾ ਕਰ ਰਹੀ ਹੈ। ਕੇਂਦਰ ਸਰਕਾਰ ਨੇ ਆਟਾ ਅਤੇ ਲੱਸੀ ਵਰਗੀਆਂ ਖਾਣ-ਪੀਣ ਵਾਲੀਆਂ ਵਸਤੂਆਂ 'ਤੇ ਵੀ ਟੈਕਸ ਲਗਾ ਦਿਤਾ ਹੈ।