ਜਸਬੀਰ ਜੱਸੀ ਦੀ ਆਵਾਜ਼ 'ਚ ਨਵਾਂ ਗੀਤ 'ਜੱਟ ਬੋਲਦਾ' ਰਿਲੀਜ਼ ਹੋ ਚੁੱਕਿਆ ਹੈ । ਇਸ ਗੀਤ ਨੂੰ ਸਰੋਤਿਆਂ ਦੇ ਵੱਲੋਂ ਵੀ ਪਸੰਦ ਕੀਤਾ ਜਾ ਰਿਹਾ ਹੈ । ਗੀਤ ਦੇ ਬੋਲਾਂ ਨੂੰ ਆਪਣੀ ਕਲਮ ਦੇ ਨਾਲ ਸ਼ਿੰਗਾਰਿਆ ਹੈ ਵਿਪੁਲ ਕਪੂਰ ਅਤੇ ਜਸਬੀਰ ਜੱਸੀ ਨੇ । ਇਸ ਗੀਤ ਨੂੰ ਮਿਊਜ਼ਿਕ ਦਿੱਤਾ ਹੈ ਸੁਮਿਤ ਸੇਠੀ ਨੇ । ਗੀਤ 'ਚ ਫੀਮੇਲ ਮਾਡਲ ਦੀਪਤੀ ਸੰਧਵਾਨੀ ਨਜ਼ਰ ਆ ਰਹੇ ਹਨ । ਗੀਤ 'ਚ ਜੱਟ ਦੀ ਯਾਰੀ ਦੀ ਗੱਲ ਕੀਤੀ ਗਈ ਹੈ ਕਿ ਜੱਟ ਵਰਗੀ ਯਾਰੀ ਕੋਈ ਹੋਰ ਨਹੀਂ ਨਿਭਾ ਸਕਦਾ । ਇਸ ਗੀਤ ਨੂੰ ਸਰੋਤਿਆਂ ਦੇ ਵੱਲੋਂ ਵੀ ਭਰਵਾਂ ਹੁੰਗਾਰਾ ਮਿਲ ਰਿਹਾ ਹੈ । ਇਸ ਤੋਂ ਪਹਿਲਾਂ ਦੀ ਗੱਲ ਕਰੀਏ ਤਾਂ ਜਸਬੀਰ ਜੱਸੀ ਨੇ ਕਈ ਹਿੱਟ ਗੀਤ ਪੰਜਾਬੀ ਇੰਡਸਟਰੀ ਨੂੰ ਦਿੱਤੇ ਹਨ ।
ਜਿਸ 'ਚ ਦਿਲ ਲੈ ਗਈ, ਕੁੜੀ ਜ਼ਹਿਰ ਦੀ ਪੁੜੀ, ਚੰਨੋ ਦਾ ਜਵਾਨੀ ਵਿੱਚ ਪੈਰ ਪੈ ਗਿਆ, ਹੀਰ, ਇੱਕ ਤਾਰਾ ਵੱਜਦਾ ਵੇ ਸਣੇ ਕਈ ਹਿੱਟ ਗੀਤ ਗਾਏ ਹਨ । ਜਸਬੀਰ ਜੱਸੀ ਸੋਸ਼ਲ ਮੀਡੀਆ 'ਤੇ ਆਪਣੇ ਆਉਣ ਵਾਲੇ ਪ੍ਰੋਜੈਕਟਸ ਦੇ ਬਾਰੇ ਸਰੋਤਿਆਂ ਦੇ ਨਾਲ ਅਕਸਰ ਜਾਣਕਾਰੀ ਸਾਂਝੀ ਕਰਦੇ ਰਹਿੰਦੇ ਹਨ । ਸੋਸ਼ਲ ਮੀਡੀਆ 'ਤੇ ਉਨ੍ਹਾਂ ਦੀ ਵੱਡੀ ਫੈਨ ਫਾਲੋਵਿੰਗ ਹੈ ।ਜਸਬੀਰ ਜੱਸੀ ਨੇ ਕੁਝ ਦਿਨ ਪਹਿਲਾਂ ਰੁਪਿੰਦਰ ਰੂਪੀ ਅਤੇ ਭੁਪਿੰਦਰ ਬਰਨਾਲਾ ਦੇ ਨਾਲ ਵੀ ਕੁਝ ਤਸਵੀਰਾਂ ਸਾਂਝੀਆਂ ਕੀਤੀਆਂ ਸਨ । ਜਿਸ ਤੋਂ ਬਾਅਦ ਫੈਨਸ ਦੇ ਵੱਲੋਂ ਅੰਦਾਜ਼ਾ ਲਗਾਇਆ ਜਾ ਰਿਹਾ ਸੀ ਕਿ ਸ਼ਾਇਦ ਦੋਵਾਂ ਦੇ ਨਾਲ ਮਿਲ ਕੇ ਗਾਇਕ ਕੋਈ ਨਵਾਂ ਪ੍ਰੋਜੈਕਟ ਲਿਆਉਣ ਵਾਲੇ ਹਨ । ਹਾਲਾਂਕਿ ਜਸਬੀਰ ਜੱਸੀ ਵੱਲੋਂ ਹਾਲੇ ਤੱਕ ਇਸ ਤਰ੍ਹਾਂ ਦਾ ਕੋਈ ਵੀ ਅਧਿਕਾਰਕ ਐਲਾਨ ਨਹੀਂ ਕੀਤਾ ਗਿਆ ਹੈ ।