ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਵਲੋਂ ਆਜ਼ਾਦੀ ਦਿਹਾੜੇ ਮੌਕੇ ਪਟਿਆਲਾ ਵਿਖੇ ਕੌਮੀ ਝੰਡਾ ਲਹਿਰਾਇਆ ਗਿਆ। ਇਸ ਤੋਂ ਬਾਅਦ ਉਨ੍ਹਾਂ ਨੇ ਪਰੇਡ ਦਾ ਨਿਰੀਖਣ ਕੀਤਾ। ਇਸ ਮੌਕੇ ਪੰਜਾਬੀਆਂ ਨੂੰ ਸੰਬੋਧਨ ਕਰਦਿਆਂ ਮੁੱਖ ਮੰਤਰੀ ਭਗਵੰਤ ਮਾਨ ਨੇ ਦੇਸ਼ ਦੀ ਆਜ਼ਾਦੀ 'ਚ ਅਪਣਾ ਵਡਮੁੱਲਾ ਯੋਗਦਾਨ ਪਾਉਣ ਵਾਲੇ ਸਮੂਹ ਆਜ਼ਾਦੀ ਘੁਲਾਟੀਆਂ ਨੂੰ ਸਿਜਦਾ ਕੀਤਾ। ਮੁੱਖ ਮੰਤਰੀ ਨੇ ਕਿਹਾ ਕਿ ਆਜ਼ਾਦੀ ਖ਼ਾਤਰ ਜਿਨ੍ਹਾਂ ਲੋਕਾਂ ਨੂੰ ਕਾਲੇ ਪਾਣੀਆਂ ਦੀ ਸਜ਼ਾ ਵੀ ਮਿਲੀ, ਉਨ੍ਹਾਂ 'ਚ 80 ਫ਼ੀ ਸਦੀ ਪੰਜਾਬੀ ਸਨ। ਪੰਜਾਬੀਆਂ ਨੇ ਦੇਸ਼ ਆਜ਼ਾਦ ਕਰਵਾਇਆ ਅਤੇ ਅਸੀਂ ਇਸ ਆਜ਼ਾਦੀ ਨੂੰ ਕਾਇਮ ਰੱਖਣਾ ਵੀ ਜਾਣਦੇ ਹਾਂ। ਜਿਹੜੇ ਲੋਕ ਸਾਨੂੰ ਆਜ਼ਾਦੀ ਦਾ ਮਤਲਬ ਸਮਝਾਉਂਦੇ ਹਨ,
ਉਨ੍ਹਾਂ ਨੂੰ ਇਹੀ ਕਹਿਣਾ ਚਾਹੁੰਦਾ ਹਾਂ ਕਿ ਸਾਨੂੰ ਨਾ ਦੱਸੋ। ਅੱਜ ਵੀ ਪੰਜਾਬ ਦੇ ਨੌਜਵਾਨ ਦੁਸ਼ਮਣ ਦੀਆਂ ਗੋਲੀਆਂ ਸਾਹਮਣੇ ਹਿੱਕਾਂ ਤਾਣ ਕੇ ਖੜ੍ਹੇ ਹਨ ਕਿਉਂਕਿ ਦੁਸ਼ਮਣ ਵਾਲੇ ਪਾਸਿਉਂ ਭਾਵੇਂ ਉਹ ਪਾਕਿਸਤਾਨ ਹੋਵੇ, ਚੀਨ ਹੋਵੇ ਜਾਂ ਅਸਾਮ ਹੋਵੇ, ਜੇ ਕੋਈ ਗੋਲੀ ਆਉਂਦੀ ਹੈ ਤਾਂ ਦੇਸ਼ ਵਾਲੇ ਪਾਸੇ ਸੱਭ ਤੋਂ ਪਹਿਲਾਂ ਪੰਜਾਬੀ ਸੀਨਾ ਤਾਣ ਕੇ ਖੜ੍ਹੇ ਹੁੰਦੇ ਹਨ। ਸੀ.ਐਮ. ਨੇ ਕਿਹਾ ਕਿ, “ਆਜ਼ਾਦੀ ਪੂਰੇ ਦੇਸ਼ ਲਈ ਬਹੁਤ ਮਾਇਨੇ ਰੱਖਦੀ ਹੈ…ਪਰ ਪੰਜਾਬ ਦੀ ਮਿੱਟੀ ’ਤੇ ਜੰਮਿਆਂ ਲਈ ਆਜ਼ਾਦੀ ਦੇ ਪੈਮਾਨੇ ਵੱਖਰੇ ਨੇ…ਪੰਜਾਬ ਨੇ ਪਹਿਲਾਂ ਆਜ਼ਾਦੀ ਲੈਣ ਲਈ ਵਡਮੁੱਲਾ ਯੋਗਦਾਨ ਪਾਇਆ ਅਤੇ ਉਸ ਤੋਂ ਬਾਅਦ ਹੁਣ ਆਜ਼ਾਦੀ ਨੂੰ ਕਾਇਮ ਰੱਖਣ ਲਈ ਵੀ ਹਰ ਰੋਜ਼ ਯੋਗਦਾਨ ਪਾ ਰਹੇ ਹਾਂ…ਚਾਹੇ ਗੱਲ ਕਿਸਾਨ ਦੀ ਹੋਵੇ..ਜਵਾਨ ਦੀ ਹੋਵੇ..”