ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਸੁਖਬੀਰ ਸਿੰਘ ਬਾਦਲ ਨੇ ਅੱਜ ਸਿੱਖ ਸੰਸਥਾਵਾਂ, ਸਿੱਖ ਆਗੂਆਂ ਤੇ ਸਿੱਖ ਰਵਾਇਤਾਂ ਨੂੰ ਬਦਨਾਮ ਤੇ ਕਮਜ਼ੋਰ ਕਰਨ ਦੀ ਸਾਜ਼ਿਸ਼ ਰਚਣ ਵਾਲੀਆਂ ਪੰਜਾਬ ਵਿਰੋਧੀ ਤੇ ਪੰਥ ਵਿਰੋਧੀ ਤਾਕਤਾਂ ਨੂੰ ਹਰਾਉਣ ਲਈ ਫੈਸਲਾਕੁੰਨ ਤੇ ਇਕਜੁੱਟ ਹੋ ਕੇ ਲੜਾਈ ਲੜਨ ਦਾ ਸੱਦਾ ਦਿੱਤਾ। ਉਹਨਾਂ ਕਿਹਾ ਕਿ ਅਕਾਲੀ ਦਲ ’ਤੇ ਵਹਿਸ਼ੀਆਨਾ ਹਮਲੇ ਦਾ ਮੁੱਖ ਮਕਸਦ ਖਾਲਸਾ ਪੰਥ ਦੀ ਨਿਆਰੀ ਤੇ ਵੱਖਰੀ ਪਛਾਣ ਨੂੰ ਖੋਰਾ ਲਾਉਣਾ ਤੇ ਤਬਾਹ ਕਰਨਾ ਹੈ। ਬਾਦਲ ਨੇ ਦੱਸਿਆ ਕਿ ਕਿਵੇਂ ਇਹਨਾਂ ਤਾਕਤਾਂ ਨੇ ਦਿੱਲੀ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਅਤੇ ਹਰਿਆਣਾ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ’ਤੇ ਕਬਜ਼ਾ ਕੀਤਾ ਹੈ।
ਉਹਨਾਂ ਨੇ ਹਰਿਆਣਾ ਗੁਰਦੁਆਰਾ ਕਮੇਟੀ ਦੀ ਮੀਟਿੰਗ ਤੋਂ ਸਾਹਮਣੇ ਆਈਆਂ ਵੀਡੀਓ ’ਤੇ ਵੀ ਖੇਦ ਪ੍ਰਗਟਾਇਆ ਜਿਸ ਵਿਚ ਮੈਂਬਰ ਇਕ ਦੂਜੇ ਨੂੰ ਮੰਦਾ ਆਖ ਰਹੇ ਹਨ ਤੇ ਖਿੱਚ ਧੂਹ ਕਰ ਰਹੇ ਹਨ। ਬਾਦਲ ਸੰਤ ਹਰਚੰਦ ਸਿੰਘ ਲੌਂਗੋਵਾਲ ਦੀ 38ਵੀਂ ਬਰਸੀ ਮੌਕੇ ਉਹਨਾਂ ਦੇ ਪਿੰਡ ਵਿਚ ਹੋਏ ਸਮਾਗਮ ਵਿਚ ਵਿਸ਼ਾਲ ਇਕੱਠ ਨੂੰ ਸੰਬੋਧਨ ਕਰ ਰਹੇ ਸਨ। ਉਹਨਾਂ ਨੇ ਸੰਤ ਲੌਂਗੋਵਾਲ ਨੂੰ ਸ਼ਰਧਾਂਜਲੀ ਭੇਂਟ ਕਰਦਿਆਂ ਉਹਨਾਂ ਨੂੰ ਸ਼ਾਂਤੀ ਤੇ ਫਿਰਕੂ ਸਦਭਾਵਨਾ ਦਾ ਮਸੀਹਾ ਕਰਾਰ ਦਿੱਤਾ। ਉਹਨਾਂ ਕਿਹਾ ਕਿ ਸਿਰਫ ਅਕਾਲੀ ਦਲ ਹੀ ਨਹੀਂ ਬਲਕਿ ਆਉਂਦੀਆਂ ਪੀੜੀਆਂ ਉਹਨਾਂ ਦੀ ਪੰਜਾਬ, ਪੰਥ ਤੇ ਮਨੁੱਖਤਾ ਦੀ ਸੇਵਾ ਪ੍ਰਤੀ ਵਚਨਬੱਧਤਾ ਤੋਂ ਪ੍ਰੇਰਨਾ ਲੈਂਦੀਆਂ ਰਹਿਣਗੀਆਂ।