ਕੁਝ ਦਿਨ ਪਹਿਲਾਂ ਹਰੀਕੇ ਹੈਡ ਵਰਕਸ ਤੋਂ 2 ਲੱਖ 84 ਹਜ਼ਾਰ ਕਿਊਸਿਕ ਪਾਣੀ ਛੱਡੇ ਜਾਣ ਕਾਰਨ ਹਰੀਕੇ ਹੈੱਡ ਦੇ ਨੇੜੇ ਲੱਗਦੇ ਪਿੰਡ ਘੜ੍ਹੰਮ ਅਤੇ ਸਭਰਾ ਵਿਚਕਾਰ ਦੀ ਹੱਦ ਵਿਚ ਧੁੱਸੀ ਬੰਨ੍ਹ ਨੂੰ ਪਾੜ ਪੈ ਗਿਆ ਜਿਸ ਕਾਰਨ ਦਰਜਨਾਂ ਪਿੰਡ ਪਾਣੀ ਦੀ ਲਪੇਟ ਵਿਚ ਆ ਚੁੱਕੇ ਹਨ। ਇਸ ਬੰਨ੍ਹ ਵਿਚ ਪਏ ਪਾੜ ਨੂੰ ਭਰਨ ਲਈ ਦਿਨ ਰਾਤ ਜੰਗੀ ਪੱਧਰ ’ਤੇ ਕੰਮ ਜਾਰੀ ਹੈ, ਇਸ ਪਾੜ ਭਰਨ 'ਚ ਜਿੱਥੇ ਜ਼ਿਲ੍ਹਾ ਪ੍ਰਸ਼ਾਸਨ ਦੇ ਵੱਖ-ਵੱਖ ਵਿਭਾਗ ਲੱਗੇ ਹੋਏ ਹਨ, ਉਥੇ ਹੀ ਇਲਾਕੇ ਦੀਆਂ ਸੰਗਤਾਂ ਵੱਲੋਂ ਮੋਹਰੀ ਹੋ ਕੇ ਆਪਣਾ ਹਿੱਸਾ ਪਾਇਆ ਜਾ ਰਿਹਾ ਹੈ। ਬਾਬਾ ਸੁੱਖਾ ਸਿੰਘ ਸਰਹਾਲੀ ਵਾਲੇ ਆਪ ਖੁਦ ਇਸ ਬੰਨ੍ਹ ’ਤੇ ਮੋਰਚਾ ਸੰਭਾਲੀ ਬੈਠੇ ਹਨ, ਜਿਸ ਕਾਰਨ ਸੰਗਤਾਂ ਵਿਚ ਬਹੁਤ ਉਤਸ਼ਾਹ ਵੇਖਣ ਨੂੰ ਮਿਲ ਰਿਹਾ ਹੈ।
ਇਸ ਤੋਂ ਇਲਾਵਾ ਕੈਬਨਿਟ ਮੰਤਰੀ ਲਾਲਜੀਤ ਸਿੰਘ ਭੁੱਲਰ ਵੱਲੋਂ ਹੜ੍ਹ ਪ੍ਰਭਾਵਿਤ ਖੇਤਰਾਂ 'ਚ ਰਾਹਤ ਅਤੇ ਬਚਾਅ ਕਾਰਜਾਂ ਦਾ ਜਾਇਜ਼ਾ ਲਿਆ ਜਾ ਰਿਹਾ ਹੈ ਅਤੇ ਜ਼ਿਲ੍ਹਾ ਪ੍ਰਸ਼ਾਸਨ ਵੱਲੋਂ ਧੁੱਸੀ ਬੰਨ੍ਹ ਦੇ ਪਏ ਪਾੜ ਨੂੰ ਭਰਨ ਦੇ ਕੰਮ ਦੀ ਵੀ ਲਗਾਤਾਰ ਮੌਕੇ ’ਤੇ ਜਾ ਕੇ ਨਿਗਰਾਨੀ ਰੱਖੀ ਜਾ ਰਹੀ ਹੈ। ਇਸ ਮੌਕੇ ਦਿਲਬਾਗ ਸਿੰਘ ਚੇਅਰਮੈਨ ਮਾਰਕੀਟ ਕਮੇਟੀ ਹਰੀਕੇ ਵੱਲੋਂ ਧੁੱਸੀ ਬੰਨ੍ਹ ’ਤੇ ਖੁਦ ਹੱਥੀ ਸੇਵਾ ਕੀਤੀ ਜਾ ਰਹੀ ਹੈ। ਉਨ੍ਹਾਂ ਦੱਸਿਆ ਕਿ ਪਾੜ ਨੂੰ ਪੂਰਨ ਲਈ ਜੰਗੀ ਪੱਧਰ 'ਤੇ ਦਿਨ ਰਾਤ ਸੇਵਾ ਚੱਲ ਰਹੀ ਹੈ। ਜ਼ਿਲ੍ਹਾ ਪ੍ਰਸ਼ਾਸਨ ਵੱਲੋਂ ਬੋਰੀਆਂ, ਲੋਹੇ ਦੇ ਜਾਲ ਅਤੇ ਮਿੱਟੀ ਦਾ ਪ੍ਰਬੰਧ ਕਰ ਲਿਆ ਗਿਆ ਹੈ। ਕਿਸਾਨਾਂ ਵੱਲੋਂ ਮਿੱਟੀ ਦੀਆਂ ਟਰਾਲੀਆਂ ਵੀ ਮੌਕੇ ’ਤੇ ਪਹੁੰਚਾਈਆਂ ਜਾ ਰਹੀਆਂ ਹਨ।