ਗੁਰੂ ਨਾਨਕ ਦੇਵ ਯੂਨੀਵਰਸਿਟੀ ਵਿਚ ਇਕ ਸੁਰੱਖਿਆ ਗਾਰਡ ਵੱਲੋਂ ਵਿਦਿਆਰਥਣ ਦੇ ਥੱਪੜ ਮਾਰਨ ਦੇ ਮਾਮਲੇ ਨੂੰ ਲੈ ਕੇ ਦੋ ਸੁਰੱਖਿਆ ਕਰਮੀਆਂ ਨੂੰ ਮੁਅੱਤਲ ਕਰਨ ਤੋਂ ਬਾਅਦ ਰਾਤ ਭਰ ਦਿੱਤਾ ਗਿਆ ਧਰਨਾ ਬੀਤੇ ਸਵੇਰੇ ਸਮਾਪਤ ਕਰ ਦਿੱਤਾ ਗਿਆ। ਆਪਣੀ ਮੰਗ ਨੂੰ ਲੈ ਕੇ ਵਿਦਿਆਰਥੀ ਪੂਰੀ ਰਾਤ ਯੂਨੀਵਰਸਿਟੀ ਦੇ ਗੇਟ ’ਤੇ ਬੈਠੇ ਰਹੇ। ਇਸ ਸਬੰਧੀ ਯੂਨੀਵਰਸਿਟੀ ਪ੍ਰਸ਼ਾਸਨ ਅਤੇ ਵਿਦਿਆਰਥੀਆਂ ਦਰਮਿਆਨ ਰਾਤ ਭਰ ਕਈ ਮੀਟਿੰਗਾਂ ਹੋਈਆਂ ਪਰ ਵਿਦਿਆਰਥੀ ਸੁਰੱਖਿਆ ਗਾਰਡਾਂ ਨੂੰ ਹਟਾਉਣ ’ਤੇ ਅੜੇ ਰਹੇ। ਜ਼ਿਕਰਯੋਗ ਹੈ ਕਿ ਬੀਤੀ ਸ਼ਾਮ ਉਸ ਦੇ ਸ਼ਨਾਖਤੀ ਕਾਰਡ ਨੂੰ ਲੈ ਕੇ ਕਾਨੂੰਨ ਵਿਭਾਗ ਦੀ ਵਿਦਿਆਰਥਣ ਅਤੇ ਗੇਟ ’ਤੇ ਤਾਇਨਾਤ ਦੋ ਸੁਰੱਖਿਆ ਕਰਮਚਾਰੀਆਂ ਅਰਜੁਨ ਸਿੰਘ ਅਤੇ ਰਾਜ ਕੁਮਾਰ ਵਿਚਾਲੇ ਬਹਿਸ ਹੋ ਗਈ ਸੀ।
ਬਾਅਦ ਵਿਚ ਗਾਰਡ ਵੱਲੋਂ ਵਿਦਿਆਰਥਣ ਨੂੰ ਥੱਪੜ ਮਾਰਨ ਦਾ ਮਾਮਲਾ ਇੰਨਾ ਤੂਲ ਫੜ ਗਿਆ ਕਿ ਵਿਦਿਆਰਥੀਆਂ ਨੇ ਰਾਤ 8 ਵਜੇ ਤੋਂ 11 ਵਜੇ ਤੱਕ ਕਰੀਬ 15 ਘੰਟੇ ਤੱਕ ਜੀ. ਐੱਨ. ਡੀ. ਯੂ. ਦੇ ਮੁੱਖ ਗੇਟ ’ਤੇ ਧਰਨਾ ਦਿੱਤਾ। ਬੀਤੇ ਸਵੇਰੇ ਡੀਨ ਵਿਦਿਆਰਥੀ ਭਲਾਈ ਪ੍ਰੀਤ ਮਹਿੰਦਰ ਸਿੰਘ ਬੇਦੀ, ਮੁੱਖ ਸੁਰੱਖਿਆ ਅਧਿਕਾਰੀ ਕਰਨਲ ਅਮਰਬੀਰ ਸਿੰਘ ਚਾਹਲ, ਏ. ਸੀ .ਪੀ ਸਰਬਜੀਤ ਸਿੰਘ ਬਾਜਵਾ ਨੇ ਵਿਦਿਆਰਥੀ ਜਥੇਬੰਦੀਆਂ ਨਾਲ ਮੀਟਿੰਗ ਕਰ ਕੇ ਦੋਵਾਂ ਸੁਰੱਖਿਆ ਮੁਲਾਜ਼ਮਾਂ ਨੂੰ ਮੁਅੱਤਲ ਕਰ ਦਿੱਤਾ। ਇਸ ਦੇ ਨਾਲ ਹੀ ਉਨ੍ਹਾਂ ਪੂਰੇ ਮਾਮਲੇ ਦੀ ਵਿਭਾਗੀ ਜਾਂਚ ਦਾ ਭਰੋਸਾ ਵੀ ਦਿੱਤਾ।