ਹਿਮਾਚਲ ਦੇ ਉੱਪਰਲੇ ਇਲਾਕਿਆਂ ’ਚ ਮੀਂਹ ਕਾਰਨ ਭਾਖੜਾ ਡੈਮ ਦੀ ਗੋਬਿੰਦ ਸਾਗਰ ਝੀਲ ’ਚ ਪਾਣੀ ਦੀ ਆਮਦ ’ਚ ਮੁੜ ਵਾਧਾ ਸ਼ੁਰੂ ਹੋ ਗਿਆ ਹੈ। ਪਿਛਲੇ 24 ਘੰਟਿਆਂ ’ਚ ਭਾਖੜਾ ਡੈਮ ਦੇ ਪਾਣੀ ਦਾ ਪੱਧਰ 2 ਫੁੱਟ ਤੱਕ ਵਧ ਗਿਆ ਹੈ ਅਤੇ ਬੁੱਧਵਾਰ ਸ਼ਾਮ 6 ਵਜੇ ਤੱਕ ਭਾਖੜਾ ਡੈਮ ਦਾ ਪਾਣੀ ਦਾ ਪੱਧਰ 1674.36 ਫੁੱਟ ਤੱਕ ਪਹੁੰਚ ਗਿਆ। ਬੁੱਧਵਾਰ ਵੀ ਭਾਖੜਾ ਡੈਮ ਦੇ ਫਲੱਡ ਗੇਟ 4 ਫੁੱਟ ਤੱਕ ਖੁੱਲ੍ਹੇ ਰਹੇ। ਬੀ. ਬੀ. ਐੱਮ. ਬੀ. ਸੂਤਰਾਂ ਅਨੁਸਾਰ ਜੇ ਉਪਰਲੇ ਇਲਾਕਿਆਂ ’ਚ ਮੀਂਹ ਕਾਰਨ ਪਾਣੀ ਦੇ ਪੱਧਰ ’ਚ ਲਗਾਤਾਰ ਵਾਧਾ ਹੁੰਦਾ ਹੈ ਤਾਂ ਨੰਗਲ ਡੈਮ ਤੋਂ ਹੋਰ ਪਾਣੀ ਛੱਡਿਆ ਜਾ ਸਕਦਾ ਹੈ।
ਪੌਂਗ ਡੈਮ 'ਚ 24 ਘੰਟਿਆਂ 'ਚ ਪਾਣੀ ਦਾ ਲੈਵਲ ਕਰੀਬ 2 ਫੁੱਟ ਤੱਕ ਵੱਧ ਗਿਆ ਹੈ। ਪੌਂਗ ਡੈਮ ਝੀਲ ’ਚ ਪਾਣੀ ਦਾ ਲੈਵਲ 1390.42 ਫੁੱਟ ਹੋ ਗਿਆ ਹੈ, ਜੋ ਖਤਰੇ ਦੇ ਨਿਸ਼ਾਨ ਤੋਂ .42 ਫੁੱਟ ਉੱਪਰ ਹੈ। ਡੈਮਾਂ ਨੇ ਪੰਜਾਬ 'ਚ ਫਿਰ ਟੈਨਸ਼ਨ ਵਧਾ ਦਿੱਤੀ ਹੈ। ਭਾਖੜਾ ਅਤੇ ਪੌਂਗ ਡੈਮ ’ਚ ਪਾਣੀ ਦਾ ਪੱਧਰ ਵਧਣ ਨਾਲ ਪੰਜਾਬ ’ਚ ਫਿਰ ਹੜ੍ਹ ਦਾ ਖਤਰਾ ਮੰਡਰਾਉਣ ਲੱਗਾ ਹੈ। ਦੱਸ ਦੇਈਏ ਕਿ ਡੈਮਾਂ ਤੋਂ ਛੱਡੇ ਪਾਣੀ ਕਰਕੇ ਪਹਿਲਾਂ 2 ਵਾਰ ਕਈ ਇਲਾਕਿਆਂ 'ਚ ਹੜ੍ਹ ਆ ਚੁੱਕਿਆ ਹੈ।