ਪੰਜਾਬ ਵਿੱਚ ਹੜ੍ਹ ਦੇ ਕਾਰਨ ਕਿਸਾਨਾਂ ਉੱਤੇ ਭਾਰੀ ਮੁਸੀਬਤ ਬਣੀ ਹੋਈ ਹੈ ਅਤੇ ਉਹਨਾਂ ਦੀਆਂ ਫਸਲਾਂ, ਜ਼ਮੀਨਾਂ ਬਿਲਕੁਲ ਬਰਬਾਦ ਹੋ ਚੁੱਕੀਆਂ ਹਨ। ਹੜ੍ਹ ਦੌਰਾਨ ਕਈ ਲੋਕਾਂ ਦੀਆਂ ਜਾਨਾਂ ਵੀ ਜਾ ਚੁੱਕੀਆਂ ਹਨ। ਇਸ ਮੌਕੇ ਵੱਖ-ਵੱਖ ਪਾਰਟੀਆਂ ਵੱਲੋਂ ਕਿਸਾਨਾਂ ਨਾਲ ਸੰਪਰਕ ਸਾਧ ਕੇ ਉਹਨਾਂ ਦਾ ਜਿੱਥੇ ਹਾਲ ਪੁੱਛਿਆ ਜਾ ਰਿਹਾ ਹੈ ਉੱਥੇ ਹੀ ਉਨ੍ਹਾਂ ਕਿਸ ਚੀਜ਼ ਦੀ ਜ਼ਰੂਰਤ ਹੈ ਇਹ ਵੀ ਪੁੱਛਿਆ ਜਾ ਰਿਹਾ ਹੈ। ਕਈ ਪਿੰਡਾਂ ਵਿੱਚ ਕਿਸਾਨ ਪਾਣੀ ਦੀ ਚਪੇਟ ਵਿੱਚ ਆ ਚੁੱਕੇ ਹਨ ਅਤੇ ਉਨ੍ਹਾਂ ਦੇ ਕੋਲ ਖਾਣ-ਪੀਣ ਲਈ ਰਾਸ਼ਨ ਵੀ ਨਹੀਂ ਪਹੁੰਚ ਰਿਹਾ। ਇਨ੍ਹਾਂ ਗੱਲਾਂ ਦੇ ਮੱਦੇਨਜ਼ਰ ਅੱਜ ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਸੁਖਬੀਰ ਸਿੰਘ ਬਾਦਲ ਵੱਲੋਂ ਗੁਰੂ ਹਰਸਹਾਏ ਇਲਾਕੇ ਦਾ ਦੌਰਾ ਕੀਤਾ ਗਿਆ ਅਤੇ
ਕਿਸਾਨਾਂ ਦਾ ਹਾਲ ਜਾਣਿਆ ਗਿਆ। ਹੜ੍ਹ ਪ੍ਰਭਾਵਿਤ ਇਲਾਕੇ ਗੁਰੂ ਹਰਸਹਾਏ ਦੇ ਪਿੰਡ ਨੋ ਬਹਿਰਾਮ ਸ਼ੇਰ ਸਿੰਘ ਵਾਲਾ ਦਾ ਅਕਾਲੀ ਦਲ ਦੇ ਸੁਪਰੀਮੋ ਸੁਖਬੀਰ ਸਿੰਘ ਬਾਦਲ ਵੱਲੋਂ ਦੌਰਾ ਕੀਤਾ ਗਿਆ। ਸੁਖਬੀਰ ਬਾਦਲ ਨੇ ਹੜ੍ਹ ਪੀੜਤ ਲੋਕਾਂ ਦਾ ਹਾਲਚਾਲ ਪੁੱਛਿਆ ਅਤੇ ਸ਼੍ਰੋਮਣੀ ਅਕਾਲੀ ਦਲ ਦੇ ਆਗੂਆਂ ਅਤੇ ਵਰਕਰਾਂ ਵੱਲੋਂ ਪੀੜਤਾਂ ਦੀ ਹਰ ਸੰਭਵ ਮਦਦ ਕਰਨ ਦਾ ਭਰੋਸਾ ਦਿੱਤਾ। ਇਸ ਮੌਕੇ ਸੁਖਬੀਰ ਸਿੰਘ ਬਾਦਲ ਨੇ ਗੱਲਬਾਤ ਕਰਦੇ ਹੋਏ ਕਿਹਾ ਕਿ ਹਾਲਾਤ ਬਹੁਤ ਗੰਭੀਰ ਹਨ ਅਤੇ ਲੱਖਾਂ ਏਕੜ ਫ਼ਸਲ ਡੁੱਬ ਕੇ ਤਬਾਹ ਹੋ ਚੁੱਕੀ ਹੈ। ਇਸ ਮਾਹੌਲ ਵਿੱਚ ਪੰਜਾਬ ਦੇ ਮੁੱਖ ਮੰਤਰੀ ਸੂਬੇ ਨੂੰ ਛੱਡ ਕੇ ਬਾਹਰ ਛੱਤੀਸਗੜ ਘੁੰਮ ਰਹੇ ਹਨ।