ਇਲਾਕੇ ਵਿੱਚ ਤਿੰਨ ਦਨਿਾਂ ਤੋਂ ਪੈ ਰਹੇ ਮੀਂਹ ਅਤੇ ਪਿੱਛੋਂ ਛੱਡੇ ਪਾਣੀ ਕਾਰਨ ਹੁਣ ਪਟਿਆਲਾ ਸ਼ਹਿਰ ਵਿੱਚ ਹਾਲਤ ਗੰਭੀਰ ਬਣ ਗਏ ਹਨ। ਸ਼ਹਿਰ ਦੇ ਨੇੜਿਓਂ ਲੰਘਦੀ ਨਦੀ ਓਵਰਫਲੋਅ ਹੋਣ ਕਾਰਨ ਪਾਣੀ ਰਿਹਾਇਸ਼ੀ ਖੇਤਰਾਂ ਵਿੱਚ ਜਾ ਵੜਿਆ ਹੈ। ਇੱਥੇ ਅਰਬਨ ਅਸਟੇਟ, ਚਨਿਾਰ ਬਾਗ਼ ਅਤੇ ਪਟਿਆਲਾ ਸ਼ਹਿਰ ਵਿਚਲੇ ਤ੍ਰਿਪੜੀ ਦੀਆਂ ਕਈ ਕਲੋਨੀਆਂ, ਇੱਥੋਂ ਤੱਕ ਕਿ ਪੁਲੀਸ ਲਾਈਨ ਵਿਚਲੀਆਂ ਸਰਕਾਰੀ ਕੋਠੀਆਂ ਵਿੱਚ ਵੀ ਪਾਣੀ ਭਰ ਗਿਆ ਹੈ। ਨਦੀ ਨਾਲ ਲੱਗਦੀ ਗੋਪਾਲ ਕਲੋਨੀ ਵਿਚਲੇ ਘਰਾਂ ਵਿੱਚ ਪਾਣੀ ਭਰਨ ਕਾਰਨ ਇੱਥੋਂ ਦੇ ਕਰੀਬ 200 ਪਰਿਵਾਰਾਂ ਨੂੰ ਪ੍ਰਸ਼ਾਸਨ ਵੱਲੋਂ ਡਿਪਟੀ ਕਮਿਸ਼ਨਰ ਸਾਕਸ਼ੀ ਸਾਹਨੀ ਦੀ ਨਿਗਰਾਨੀ ਹੇਠਾਂ ਸੁਰੱਖਿਅਤ ਸਥਾਨ ਵਜੋਂ ਇੱਕ ਮੈਰਿਜ ਪੈਲੇਸ ਵਿਚ ਰੱਖਿਆ ਗਿਆ ਹੈ।
ਇਸ ਦੌਰਾਨ ਵਿਧਾਇਕ ਅਜੀਤਪਾਲ ਕੋਹਲੀ ਤੇ ਸਾਬਕਾ ਮੇਅਰ ਸੰਜੀਵ ਬਿੱਟੂ ਸਣੇ ਕਈ ਹੋਰਾਂ ਨੇ ਵੀ ਇਨ੍ਹਾਂ ਲੋਕਾਂ ਦਾ ਸਾਜ਼ੋ-ਸਾਮਾਨ ਸੰਭਾਲਣ ਤੇ ਤਬਦੀਲ ਕਰਨ ਵਿੱਚ ਮਦਦ ਕੀਤੀ। ਪ੍ਰਸ਼ਾਸਨ ਅਰਬਨ ਅਸਟੇਟ ਵੀ ਪਹੁੰਚਿਆ ਹੋਇਆ ਸੀ। ਉਧਰ, ਇੱਥੇ ਮਨਿੀ ਸਕੱਤਰੇਤ ਦੇ ਨੇੜੇ ਸਥਿਤ ਪੁਲੀਸ ਲਾਈਨ ਵਿਚਲੀਆਂ ਸਰਕਾਰੀ ਕੋਠੀਆਂ ਵਿਚ ਰਹਿੰਦੇ ਦੀ ਟ੍ਰਿਬਿਊਨ ਦੇ ਪ੍ਰਿੰਸੀਪਲ ਕਾਰਸਪੋਡੈਂਟ ਅਮਨ ਸੂਦ, ਜੇਲ੍ਹ ਅਧਿਕਾਰੀ ਰਾਜਨ ਕਪੂਰ ਤੇ ਪੁਲੀਸ ਅਧਿਕਾਰੀ ਹਰਸ਼ ਸਣੇ ਕਈ ਹੋਰ ਦੇ ਘਰਾਂ ਵਿੱਚ ਪਾਣੀ ਵੜਨ ਕਰਨ ਲੱਖਾਂ ਰੁਪਏ ਦਾ ਸਮਾਨ ਨੁਕਸਾਨਿਆ ਗਿਆ ਹੈ। ਇਸ ਦੌਰਾਨ ਫ਼ੌਜ ਗੋਪਾਲ ਕਲੋਨੀ ਸਣੇ ਹੋਰ ਥਾਈਂ ਵੀ ਪੁੱਜੀ ਹੋਈ ਸੀ।