ਮੁੱਖ ਮੰਤਰੀ ਭਗਵੰਤ ਮਾਨ ਵੱਲੋਂ ਅੱਜ ਸੰਗਰੂਰ ਵਿਖੇ ਘੱਗਰ ਦੇ ਨਾਲ ਲੱਗਦੇ ਹੜ੍ਹ ਪ੍ਰਭਾਵਿਤ ਇਲਾਕਿਆਂ ਦਾ ਦੌਰਾ ਕਰਕੇ ਸਥਿਤੀ ਦਾ ਜਾਇਜ਼ਾ ਲਿਆ ਗਿਆ। ਇਸ ਮੌਕੇ ਭਗਵੰਤ ਮਾਨ ਨੇ ਹਰਿਆਣਾ ਸਰਕਾਰ ਅਤੇ ਰਾਜਸਥਾਨ ਸਰਕਾਰ ਨੂੰ ਪਾਣੀ ਦੇ ਮੁੱਦੇ 'ਤੇ ਖ਼ੂਬ ਤੰਜ ਕੱਸੇ। ਉਨ੍ਹਾਂ ਕਿਹਾ ਕਿ ਉਂਝ ਤਾਂ ਹਰਿਆਣਾ ਸਰਕਾਰ ਕਹਿੰਦੀ ਹੈ ਕਿ ਸਾਨੂੰ ਪਾਣੀ ਦੇ ਦਿਓ। ਹੁਣ ਅਸੀਂ ਕਹਿੰਦੇ ਹਾਂ ਕਿ ਹਰਿਆਣਾ ਲੈ ਲਵੇ ਪਾਣੀ। ਪਹਿਲਾਂ ਤਾਂ ਹਿਮਾਚਲ ਵੀ ਕਹਿੰਦਾ ਸੀ ਕਿ ਸਾਨੂੰ ਪਾਣੀ ਦੇ ਦਿਓ ਹੁਣ ਉਥੋਂ ਪਾਣੀ ਕਿਉਂ ਛੱਡ ਰਹੇ ਹਨ, ਹੁਣ ਆਪਣਾ ਪਾਣੀ ਆਪਣੇ ਕੋਲ ਹੀ ਰੱਖ ਲੈਣ। ਪਾਣੀ ਦਾ ਹਿੱਸਾ ਮੰਗਣ ਲਈ ਤਾਂ ਹਰਿਆਣਾ, ਰਾਜਸਥਾਨ, ਹਿਮਾਚਲ ਇਕੱਠਾ ਹੋ ਜਾਂਦਾ ਹੈ, ਮੰਗਣ ਵੇਲੇ ਤਾਂ ਇਕੱਠੇ ਹੋ ਕੇ ਆ ਜਾਂਦੇ ਹਨ, ਕੀ ਗੱਲ ਅਸੀਂ ਡੁੱਬਣ ਵੇਲੇ ਇਕੱਲੇ ਕਿਉਂ ਰਹੀਏ।
ਕੀ ਗੱਲ੍ਹ ਅਸੀਂ ਸਿਰਫ਼ ਡੁੱਬਣ ਵਾਸਤੇ ਹੀ ਰੱਖੇ ਹੋਏ ਹਾਂ। ਇਸ ਸਭ ਇੰਝ ਨਹੀਂ ਚੱਲੇਗਾ, ਇਸ ਨੂੰ ਭਾਵੇਂ ਤੁਸੀਂ ਹੁਣ ਰਾਜਨੀਤਕ ਬਿਆਨ ਕਹੋ ਜਾਂ ਫਿਰ ਦਿਲੋਂ ਪੰਜਾਬ ਨੂੰ ਪਿਆਰ ਕਰਨ ਵਾਲੇ ਇਨਸਾਨ ਦਾ ਬਿਆਨ ਕਹਿ ਲਵੋ। ਜੋ ਦਿਲੋਂ ਹਾਂ ਉਹੀ ਜ਼ੁਬਾਨੋਂ ਹਾਂ। ਪੰਜਾਬ ਦਿਲ ਵਿਚ ਧੜਕਦਾ ਹੈ..ਰੱਬ ਸੁਮੱਤ ਬਖ਼ਸ਼ੇ। ਹੁਣ ਮੰਗਣ ਤਾਂ ਸਾਡੇ ਕੋਲੋਂ ਪਾਣੀ। ਪੰਜਾਬ ਪੂਰੀ ਦੁਨੀਆ ਨੂੰ ਬਚਾਉਣ ਵਾਲਾ ਹੈ। ਦੁਨੀਆ ਵਿਚ ਕਿਤੇ ਵੀ ਕੋਈ ਕੁਦਰਤੀ ਆਫ਼ਤ ਆ ਜਾਵੇ। ਗੁਰੂ ਦਾ ਲੰਗਰ ਉਥੇ ਪਹਿਲਾਂ ਪਹੁੰਚਦਾ ਹੈ। ਅਸੀਂ ਲੋਕਾਂ ਦੇ ਪੇਟ ਭਰਨ ਵਾਲੇ ਹਾਂ।