ਗੋਡੇ-ਗੋਡੇ ਪਾਣੀ ‘ਚ ਵੜ ਗਏ ਭਗਵੰਤ ਮਾਨ, ਲੋਕਾਂ ਦੇ ਘਰ ਬਚਾਉਣ ਲਈ ਤੁੜਵਾਈ ਸੜਕ

Tags

ਕਿਸੇ ਮੁੱਖ ਮੰਤਰੀ ਵੱਲੋਂ ਹੜ੍ਹ ਪ੍ਰਭਾਵਿਤ ਇਲਾਕਿਆਂ ਦਾ ਹਵਾਈ ਸਰਵੇਖਣ ਕਰਨ ਦੀ ਪੁਰਾਣੀ ਰਵਾਇਤ ਨੂੰ ਖ਼ਤਮ ਕਰਦਿਆਂ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਨੇ ਅੱਜ ਹੜ੍ਹਾਂ ਦੇ ਪਾਣੀਆਂ ਵਿਚ ਖ਼ੁਦ ਉਤਰ ਕੇ ਰਾਹਤ ਕਾਰਜਾਂ ਦਾ ਜਾਇਜ਼ਾ ਲਿਆ ਹੈ। ਮੁੱਖ ਮੰਤਰੀ ਭਗਵੰਤ ਮਾਨ ਨੇ ਚਿੱਟਾ-ਕੁੜਤਾ ਪਜਾਮਾ ਪਾਇਆ ਹੋਇਆ ਸੀ ਪਰ ਰਾਹਤ ਕੰਮਾਂ ਦੀ ਨਿਗਰਾਨੀ ਕਰਨ ਲਈ ਉਹ ਬਿਨਾਂ ਕੋਈ ਝਿਜਕ ਮਹਿਸੂਸ ਕੀਤੀਆਂ ਸੂਬਾ ਸਰਕਾਰ ਦੇ ਸੀਨੀਅਰ ਅਧਿਕਾਰੀਆਂ ਅਤੇ ਜ਼ਿਲ੍ਹਾ ਪ੍ਰਸ਼ਾਸਨ ਨਾਲ ਹੜ੍ਹਾਂ ਦੇ ਪਾਣੀ ਵਿਚ ਉਤਰ ਗਏ। ਭਗਵੰਤ ਮਾਨ ਹੜ੍ਹਾਂ ਤੋਂ ਪ੍ਰਭਾਵਿਤ ਪਾਣੀ ਨਾਲ ਭਰੇ ਖੇਤਾਂ ਵਿਚ ਵੀ ਗਏ, ਜਿੱਥੇ ਜੇ. ਸੀ. ਬੀ. ਨਾਲ ਕੀਤੇ ਜਾ ਰਹੇ ਕੰਮ ਦੀ ਖ਼ੁਦ ਨਿਗਾਰਨੀ ਕੀਤੀ।

ਘੱਗਰ ਨਾਲ ਲਗਦੇ ਪ੍ਰਭਾਵਿਤ ਇਲਾਕਿਆਂ ਦਾ ਜਾਇਜ਼ਾ ਲੈਣ ਦੌਰਾਨ ਮੁੱਖ ਮੰਤਰੀ ਨੇ ਮੌਕੇ ਉਤੇ ਹੀ ਅਧਿਕਾਰੀਆਂ ਨੂੰ ਪ੍ਰਭਾਵਿਤ ਇਲਾਕਿਆਂ ਵਿਚ ਜੁਟੇ ਰਹਿਣ ਦੇ ਆਦੇਸ਼ ਦਿੰਦਿਆਂ ਕਿਹਾ ਕਿ ਲੋਕਾਂ ਨੂੰ ਕਿਸੇ ਕਿਸਮ ਦੀ ਪ੍ਰੇਸ਼ਾਨੀ ਨਹੀਂ ਆਉਣੀ ਚਾਹੀਦੀ। ਮੁੱਖ ਮੰਤਰੀ ਨੇ ਕਿਹਾ ਕਿ ਅਮਰੀਕਾ, ਸਪੇਨ ਵਰਗੇ ਵਿਕਸਤ ਦੇਸ਼ਾਂ ਨੂੰ ਵੀ ਹੜ੍ਹਾਂ ਦੀ ਸਮੱਸਿਆ ਦਾ ਸਾਹਮਣਾ ਕਰਨਾ ਪੈ ਰਿਹਾ ਹੈ ਅਤੇ ਕੁਦਰਤ ਨੇ ਸੂਬੇ ਵਿਚ ਤਬਾਹੀ ਮਚਾਈ ਹੈ। ਉਨ੍ਹਾਂ ਕਿਹਾ ਕਿ ਪਹਾੜੀ ਸੂਬਿਆਂ ਅਤੇ ਪੰਜਾਬ ਵਿੱਚ ਲਗਾਤਾਰ ਪੈ ਰਹੇ ਮੀਂਹ ਨੇ ਸੂਬੇ ਵਿੱਚ ਇਹ ਸਥਿਤੀ ਪੈਦਾ ਕੀਤੀ ਹੈ। ਭਗਵੰਤ ਮਾਨ ਨੇ ਕਿਹਾ ਕਿ ਉਨ੍ਹਾਂ ਦੀ ਸਰਕਾਰ ਇਸ ਗੰਭੀਰ ਸੰਕਟ ਦੀ ਘੜੀ ਵਿੱਚ ਲੋਕਾਂ ਨੂੰ ਬਚਾਉਣ ਲਈ ਵਚਨਬੱਧ ਹੈ ਅਤੇ ਇਸ ਨੇਕ ਕਾਰਜ ਲਈ ਕੋਈ ਕਸਰ ਬਾਕੀ ਨਹੀਂ ਛੱਡੀ ਜਾਵੇਗੀ।