ਮੁੱਖ ਮੰਤਰੀ ਭਗਵੰਤ ਮਾਨ ਵਲੋਂ ਅੱਜ ਮੋਗਾ-ਕੋਟਕਪੂਰਾ ਰੋਡ ਵਿਖੇ ਸਿੰਘਾਂਵਾਲਾ ਟੋਲ ਪਲਾਜ਼ਾ ਬੰਦ ਕਰਵਾਇਆ ਗਿਆ ਹੈ। ਇਸ ਮੌਕੇ ਉਨ੍ਹਾਂ ਨੇ ਵਿਰੋਧੀ ਆਗੂਆਂ ਵਲੋਂ ਚੁੱਕੇ ਜਾ ਰਹੇ ਸਵਾਲਾਂ ਦਾ ਜਵਾਬ ਵੀ ਦਿਤਾ ਅਤੇ ਦਸਿਆ ਕਿ ਇਹ ਟੋਲ-ਪਲਾਜ਼ੇ ਕਾਨੂੰਨੀ ਕਾਰਵਾਈ ਰਾਹੀਂ ਹੀ ਬੰਦ ਕੀਤੇ ਜਾ ਰਹੇ ਹਨ। ਇਸ ਮੌਕੇ ਉਨ੍ਹਾਂ ਕਿਹਾ, ''ਕਾਂਗਰਸੀ ਆਗੂ ਪ੍ਰਗਟ ਸਿੰਘ ਕੱਲ ਕਹਿ ਰਹੇ ਸਨ ਕਿ ਇਹ ਟੋਲ-ਪਲਾਜ਼ਾ ਤਾਂ ਵੈਸੇ ਹੀ ਬੰਦ ਹੋ ਜਾਣਾ ਸੀ ਹੁਣ ਪਬਲੀਸਿਟੀ ਕਿਉਂ ਕੀਤੀ ਜਾ ਰਹੀ ਹੈ। ਮਜ਼ਾਕੀਆ ਲਹਿਜ਼ੇ ਵਿਚ ਮੁੱਖ ਮੰਤਰੀ ਨੇ ਕਿਹਾ,
''ਪ੍ਰਗਟ ਸਿੰਘ ਜੀ ਪਹਿਲਾਂ ਭਾਰਤ ਲਈ ਹਾਕੀ ਖੇਡਦੇ ਰਹੇ ਹਨ ਫਿਰ ਪੰਜ ਸਾਲ ਅਕਾਲੀਆਂ ਵਲੋਂ ਵੀ ਖੇਡਦੇ ਰਹੇ ਹਨ ਤੇ ਅੱਜਕਲ ਉਹ ਕਾਂਗਰਸ ਵਲੋਂ ਖੇਡ ਰਹੇ ਹਨ। ਚਲੋ ਗੋਲ ਤਾਂ ਉਹ ਨਹੀਂ ਕਰਨ ਦਿੰਦੇ ਪਰ ਬਿਸਤਰਾ ਗੋਲ ਜ਼ਰੂਰ ਕਰ ਦਿੰਦੇ ਹਨ। ਮੈਂ ਉਨ੍ਹਾਂ ਨੂੰ ਸਮਝਾਉਣਾ ਚਾਹੁੰਦਾ ਹਾਂ ਕਿ ਇਸ ਦੀ ਮਿਆਦ ਜੋ 20 ਤਰੀਕ ਤਕ ਸੀ ਉਸ ਤੋਂ ਬਾਅਦ ਜਦੋਂ ਅਸੀਂ ਖ਼ਤਮ ਕਰਨਾ ਸੀ ਤਾਂ ਇਨ੍ਹਾਂ ਵਲੋਂ ਸਾਡੇ ਤੋਂ 436 ਦਿਨ ਹੋਰ ਯਾਨੀ ਫਰਵਰੀ 2025 ਤਕ ਮਿਆਦ ਵਧਾਉਣ ਲਈ ਕਿਹਾ ਗਿਆ ਸੀ।'' ਮੁੱਖ ਮੰਤਰੀ ਭਗਵੰਤ ਮਾਨ ਨੇ ਦਸਿਆ ਕਿ 2019 ਵਿਚ ਇਹ ਸਮਝੌਤਾ ਖ਼ਤਮ ਹੋ ਸਕਦਾ ਸੀ ਪਰ ਉਸ ਵੇਲੇ ਕੈਪਟਨ ਅਮਰਿੰਦਰ ਸਿੰਘ ਦੀ ਸਰਕਾਰ ਸੀ ਜਿਸ ਵਿਚ ਪ੍ਰਗਟ ਇੰਘ ਵਿਧਾਇਕ ਸਨ ਤਾਂ ਇਹ ਸਵਾਲ ਉਹ ਕੈਪਟਨ ਸਾਹਬ ਨੂੰ ਕਰਨ ਕਿ ਉਨ੍ਹਾਂ ਨੇ ਅਜਿਹਾ ਕਿਉਂ ਨਹੀਂ ਕੀਤਾ।