ਪੰਜਾਬ 'ਚ ਪਿਛਲੇ ਚਾਰ ਦਿਨਾਂ ਤੋਂ ਲਗਾਤਾਰ ਮੀਂਹ ਪੈ ਰਹੇ ਮੀਂਹ ਨੇ ਤਬਾਹੀ ਮਚਾ ਦਿੱਤੀ ਹੈ। ਅੱਜ ਮੌਸਮ ਕੁਝ ਹੱਦ ਤੱਕ ਸਾਫ ਰਿਹਾ ਪਰ ਮੌਸਮ ਵਿਭਾਗ ਨੇ ਬਾਰਸ਼ ਦੀ ਭਵਿੱਖਬਾਣੀ ਕੀਤੀ ਹੈ। ਪੰਜਾਬ ਵਿੱਚ ਹੁਣ ਤੱਕ ਜੇਕਰ ਮਰਨ ਵਾਲਿਆਂ ਦੀ ਗਿਣਤੀ ਕੀਤੀ ਜਾਵੇ ਤਾਂ ਪੰਜਾਬ 'ਚ 3 ਲੋਕਾਂ ਦੀ ਮੌਤ ਹੋ ਚੁੱਕੀ ਹੈ, ਜਿਨ੍ਹਾਂ 'ਚੋਂ 2 ਰੋਪੜ ਤੇ ਇੱਕ ਫਤਹਿਗੜ੍ਹ ਸਾਹਿਬ ਦਾ ਰਹਿਣ ਵਾਲਾ ਹੈ। ਰੋਪੜ ਦਾ ਇੱਕ ਬੰਦਾ ਲਾਪਤਾ ਹੈ, ਜੋ ਅਜੇ ਤੱਕ ਨਹੀਂ ਲੱਭਿਆ। ਕੈਬਨਿਟ ਮੰਤਰੀ ਬ੍ਰਹਮ ਸ਼ੰਕਰ ਜਿੰਪਾ ਨੇ ਕਿਹਾ ਕਿ ਮੀਂਹ ਕਾਰਨ ਸਭ ਤੋਂ ਵੱਧ ਨੁਕਸਾਨ ਰਾਜਪੁਰਾ, ਪਟਿਆਲਾ ਤੇ ਰੋਪੜ ਦੇ ਨਾਲ-ਨਾਲ ਮੁਹਾਲੀ ਜ਼ਿਲ੍ਹੇ ਵਿੱਚ ਹੋਇਆ ਹੈ।
ਉਨ੍ਹਾਂ ਕਿਹਾ ਕਿ ਪੰਜਾਬ ਸਰਕਾਰ ਨੇ ਇਸ ਲਈ 33 ਕਰੋੜ ਦੀ ਗਰਾਂਟ ਜਾਰੀ ਕੀਤੀ ਹੈ। ਜੇਕਰ ਕਿਸੇ ਵੀ ਥਾਂ 'ਤੇ ਲੋੜ ਪਈ ਤਾਂ ਇਸ ਪੈਸੇ ਦੀ ਵਰਤੋਂ ਕੀਤੀ ਜਾ ਸਕਦੀ ਹੈ। ਮੰਤਰੀ ਜਿੰਪਾ ਨੇ ਕਿਹਾ ਹੈ ਕਿ ਸਾਰੇ ਲੋਕਾਂ ਨੂੰ ਮੁਆਵਜ਼ਾ ਦਿੱਤਾ ਜਾਵੇਗਾ, ਪਰ ਅਜੇ ਇਸ ਨੁਕਸਾਨ ਦਾ ਅੰਦਾਜ਼ਾ ਨਹੀਂ ਲਗਾਇਆ ਜਾ ਸਕਦਾ। ਜਦੋਂ ਪਾਣੀ ਸੁੱਕੇਗਾ ਤਾਂ ਸਾਰੇ ਨੁਕਸਾਨ ਦਾ ਪਤਾ ਲੱਗੇਗਾ। ਉਨ੍ਹਾਂ ਕਿਹਾ ਕਿ ਹੁਣ ਤੱਕ ਅਰਬਾਂ ਰੁਪਏ ਦਾ ਨੁਕਸਾਨ ਹੋ ਚੁੱਕਾ ਹੈ।