ਮੁੱਖ ਮੰਤਰੀ ਭਗਵੰਤ ਮਾਨ ਵੱਲੋਂ ਕ੍ਰਿਕਟਰ ਜਸਇੰਦਰ ਅਤੇ ਉਸਦੇ ਪਿਤਾ ਨੂੰ ਜਨਤਾ ਦੇ ਸਾਹਮਣੇ ਲਿਆ ਕੇ ਵੱਡੇ ਰਾਜ਼ ਦਾ ਪਰਦਾਫ਼ਾਸ਼ ਕਰਨ ਮਗਰੋਂ ਸਾਬਕਾ ਮੁੱਖ ਮੰਤਰੀ ਚਰਨਜੀਤ ਸਿੰਘ ਚੰਨੀ ਨੇ ਵੀ ਪ੍ਰੈੱਸ ਕਾਨਫਰੰਸ ਕਰਦਿਆਂ ਮੁੱਖ ਮੰਤਰੀ ਮਾਨ 'ਤੇ ਨਿਸ਼ਾਨਾ ਵਿੰਨ੍ਹਿਆ। ਇਸ ਮੌਕੇ ਉਨ੍ਹਾਂ ਨਾਲ ਵਿਰੋਧੀ ਧਿਰ ਦੇ ਨੇਤਾ ਪ੍ਰਤਾਪ ਸਿੰਘ ਬਾਜਵਾ, ਸਾਬਕਾ ਖੇਡ ਮੰਤਰੀ ਪਰਗਟ ਸਿੰਘ ਤੇ ਚੰਨੀ ਦੇ ਭਤੀਜੇ ਹਾਜ਼ਰ ਸਨ। ਪ੍ਰੈੱਸ ਕਾਨਫਰੰਸ ਨੂੰ ਸੰਬੋਧਨ ਕਰਦਿਆਂ ਸਾਬਕਾ ਮੁੱਖ ਮੰਤਰੀ ਚੰਨੀ ਨੇ ਆਖਿਆ ਕਿ ਮੈਨੂੰ ਬਦਨਾਮ ਤੇ ਪ੍ਰੇਸ਼ਾਨ ਕੀਤਾ ਜਾ ਰਿਹਾ ਹੈ ਤੇ ਹੁਣ ਮੇਰੇ ਪਰਿਵਾਰ ਨਾਲ ਵੀ ਇਸੇ ਤਰ੍ਹਾਂ ਹੋ ਰਿਹਾ ਹੈ। ਚੰਨੀ ਨੇ ਆਖਿਆ ਕਿ ਮੈਂ ਗੁਰੂ ਤੇ ਲੋਕਾਂ 'ਤੇ ਓਟ ਰੱਖਦਾ ਹਾਂ ਤੇ ਮੈਂ ਪਰਮਾਤਮਾ ਦੇ ਭਰੋਸੇ 'ਤੇ ਚੱਲਦਾ ਹਾਂ।
ਮੇਰੇ 'ਤੇ ਇਲਜ਼ਾਮ ਪਹਿਲਾਂ ਤੋਂ ਲੱਗਦੇ ਆਏ ਹਨ, ਲੱਗ ਰਹੇ ਹਨ ਤੇ ਲੱਗਦੇ ਰਹਿਣਗੇ ਪਰ ਆਖ਼ਰ ਉਹੀ ਹੁੰਦਾ ਹੈ, ਜੋ ਸਹੀ ਹੁੰਦਾ ਹੈ। ਉਨ੍ਹਾਂ ਆਖਿਆ ਕਿ ਮੁੱਖ ਮੰਤਰੀ ਦੀ ਮਨਸ਼ਾ ਮੈਨੂੰ ਬਦਨਾਮ ਕਰਨ ਦੀ ਹੈ ਤੇ ਮੇਰੇ ਤੋਂ ਇਲਾਵਾ ਸਾਰੇ ਕਾਂਗਰਸੀਆਂ ਨੂੰ ਵੀ ਬਦਨਾਮ ਕੀਤਾ ਜਾ ਰਿਹਾ ਹੈ। ਚੰਨੀ ਨੇ ਆਖਿਆ ਕਿ ਪਹਿਲਾਂ ਮੁੱਖ ਮੰਤਰੀ ਇਲਜ਼ਾਮ ਲਗਾ ਰਹੇ ਸਨ ਕਿ ਰਿਸ਼ਵਤ ਦੇ ਮਾਮਲੇ 'ਚ ਮੇਰਾ ਭਤੀਜਾ-ਭਾਣਜਾ ਸ਼ਾਮਲ ਹੈ ਪਰ ਹੁਣ ਉਹ ਇਕੱਲੇ ਭਤੀਜੇ 'ਤੇ ਇਲਜ਼ਾਮ ਲਗਾ ਰਹੇ ਹਨ। ਉਨ੍ਹਾਂ ਆਖਿਆ ਕਿ ਮੇਰਾ ਭਤੀਜੇ ਮੇਰਾ ਨਾਲ ਆਇਆ ਹੈ, ਇਸ ਦਾ ਸਾਰਾ ਪਰਿਵਾਰ ਡਾਕਟਰੀ ਕਿਤੇ ਨਾਲ ਸਬੰਧ ਰੱਖਦਾ ਹੈ ਤੇ ਮੇਰਾ ਭਤੀਜੇ ਖ਼ੁਦ ਵੀ ਡਾਕਟਰੀ ਦੀ ਪ੍ਰੀਖਿਆ ਦੀ ਤਿਆਰੀ ਕਰ ਰਿਹਾ ਹੈ।