ਜਲੰਧਰ ਸ਼ਹਿਰ ਵਿਚ ਅੱਜ ਆਮ ਆਦਮੀ ਪਾਰਟੀ ਦੇ ਸੁਪ੍ਰੀਮੋ ਅਰਵਿੰਦ ਕੇਜਰੀਵਾਲ ਦੀ ਅਗਵਾਈ ਵਿਚ ਪਾਰਟੀ ਵੱਲੋਂ ਰੋਡ ਸ਼ੋਅ ਕੀਤਾ ਗਿਆ। ਮਸ਼ਹੂਰ ਚੌਂਕ ਜੋਤੀ ਚੌਂਕ ਤੋਂ ਸ਼ੁਰੂ ਹੋਏ ਰੋਡ ਸ਼ੋਅ ਦੌਰਾਨ ਆਮ ਆਦਮੀ ਪਾਰਟੀ ਦੇ ਕਨਵੀਨਰ ਅਰਵਿੰਦ ਕੇਜਰੀਵਾਲ ਨੇ ਕਾਂਗਰਸ 'ਤੇ ਤਿੱਖੇ ਨਿਸ਼ਾਨੇ ਸਾਧੇ। ਉਨ੍ਹਾਂ ਸੰਬੋਧਨ ਦੌਰਾਨ ਕਿਹਾ ਕਿ ਕਾਂਗਰਸ ਨੂੰ ਵੋਟਾਂ ਦੀ ਲੋੜ ਨਹੀਂ ਹੈ। ਇਕ ਸੀਟ ਨਾਲ ਭਾਜਪਾ ਦੀ ਮੋਦੀ ਸਰਕਾਰ ਨੂੰ ਕੋਈ ਫਰਕ ਨਹੀਂ ਪਵੇਗਾ। ਪਰ ਇਹ ਸੀਟ ਸਾਡੇ ਲਈ ਬਹੁਤ ਮਹੱਤਵਪੂਰਨ ਹੈ। ਅਰਵਿੰਦ ਕੇਜਰੀਵਾਲ ਨੇ ਲੋਕਾਂ ਨੂੰ ਸਵਾਲ ਕੀਤਾ ਕਿ ਕੀ ਦਿੱਲੀ ਤੋਂ ਕੋਈ ਵੱਡਾ ਕਾਂਗਰਸੀ ਆਗੂ ਚੋਣ ਮੈਦਾਨ ਵਿੱਚ ਆਇਆ ਹੈ। ਕੀ ਰਾਹੁਲ ਗਾਂਧੀ ਜਲੰਧਰ 'ਚ ਵੋਟਾਂ ਮੰਗਣ ਆਏ?
ਜਦੋਂ ਲੋਕਾਂ ਨੇ ਨਾ ਕਿਹਾ ਤਾਂ ਕੇਜਰੀਵਾਲ ਨੇ ਕਿਹਾ ਕਿ ਉਹ ਇਸ ਲਈ ਨਹੀਂ ਆਏ ਕਿਉਂਕਿ ਉਨ੍ਹਾਂ ਨੂੰ ਤੁਹਾਡੀਆਂ ਕੀਮਤੀ ਵੋਟਾਂ ਦੀ ਲੋੜ ਨਹੀਂ ਹੈ। ਜਲੰਧਰ ਦੀ ਚੋਣ ਹੈ ਤਾਂ ਕਾਂਗਰਸ ਤੋਂ ਦਿੱਲੀ ਤੋਂ ਕੋਈ ਵੀ ਵੱਡਾ ਆਗੂ ਵੋਟ ਮੰਗਣ ਨਹੀਂ ਆਇਆ ਕਿਉਂਕਿ ਉਨ੍ਹਾਂ ਨੂੰ ਲੱਗਦਾ ਹੈ ਕਿ ਜਲੰਧਰ ਵਾਲੇ ਹੁਣ ਇੰਝ ਹੀ ਵੋਟਾਂ ਦੇ ਦੇਣਗੇ ਪਰ ਉਨ੍ਹਾਂ ਨੂੰ ਨਹੀਂ ਪਤਾ ਕਿ ਹੁਣ ਇੰਝ ਵੋਟਾਂ ਨਹੀਂ ਮਿਲਦੀਆਂ, ਵੋਟਾਂ ਮੰਗਣੀਆਂ ਪੈਂਦੀਆਂ ਹਨ। ਅਸੀਂ ਦੋਵੇਂ ਇਥੇ ਵੋਟਾਂ ਮੰਗਣ ਆਏ ਹਾਂ। ਉਨ੍ਹਾਂ ਕਿਹਾ ਕਿ ਇਸ ਵਾਰ ਜਲੰਧਰ ਦੀ ਸੀਟ 11 ਮਹੀਨਿਆਂ ਲਈ ਸਾਨੂੰ ਦੇ ਕੇ ਵੇਖੋ ਅਤੇ ਤੁਸੀਂ ਅਗਲੀ ਵਾਰ ਪੰਜਾਬ ਦੀਆਂ 13 ਸੀਟਾਂ ਹੀ ਸਾਡੀ ਝੋਲੀ ਵੀ ਪਾ ਦੇਵੋਗੇ।