ਮਰਹੂਮ ਸਰਦਾਰ ਪ੍ਰਕਾਸ਼ ਸਿੰਘ ਬਾਦਲ ਦੀ ਅੰਤਿਮ ਅਰਦਾਸ ਮੌਕੇ ਕੇਂਦਰੀ ਗ੍ਰਹਿ ਮੰਤਰੀ ਅਮਿਤ ਸ਼ਾਹ ਨੇ ਸ਼ਰਧਾਂਜਲੀ ਦਿੰਦਿਆਂ ਆਖਿਆ ਕਿ ਪ੍ਰਕਾਸ਼ ਸਿੰਘ ਬਾਦਲ ਦੇ ਦਿਹਾਂਤ ਨਾਲ ਸਿਰਫ਼ ਪੰਜਾਬ ਨੂੰ ਨਹੀਂ ਸਗੋਂ ਪੂਰੇ ਦੇਸ਼ ਨੂੰ ਨਾ ਪੂਰਾ ਹੋਣ ਵਾਲਾ ਘਾਟਾ ਪਿਆ ਹੈ, ਜਿਸ ਨੂੰ ਲੰਬੇ ਸਮੇਂ ਤੱਕ ਭਰਿਆ ਨਹੀਂ ਜਾ ਸਕਦਾ। ਸਿੱਖ ਪੰਥ ਨੇ ਆਪਣਾ ਸੱਚਾ ਸਿਪਾਹੀ, ਦੇਸ਼ ਨੇ ਇਕ ਦੇਸ਼ਭਗਤ, ਕਿਸਾਨਾਂ ਨੇ ਆਪਣਾ ਸੱਚਾ ਹਮਦਰਦ ਗੁਆਇਆ ਹੈ। 70 ਸਾਲ ਦਾ ਸਿਆਸੀ ਜੀਵਨ ਕੱਟਣ ਤੋਂ ਬਾਅਦ ਵੀ ਕੋਈ ਦੁਸ਼ਮਣ ਨਾ ਹੋਵੇ, ਅਜਿਹੇ ਆਜ਼ਾਦ ਵਿਅਕਤੀ ਵਰਗਾ ਜੀਵਨ ਬਾਦਲ ਸਾਬ੍ਹ ਤੋਂ ਬਿਨਾਂ ਕੋਈ ਨੀ ਜੀ ਸਕਦਾ। ਅਮਿਤ ਸ਼ਾਹ ਨੇ ਦੱਸਿਆ ਕਿ ਜਦੋਂ ਵੀ ਬਾਦਲ ਸਾਬ੍ਹ ਨਾਲ ਮੁਲਾਕਾਤ ਕੀਤੀ ਹੈ, ਮੈਂ ਹਮੇਸ਼ਾ ਉਨ੍ਹਾਂ ਤੋਂ ਕੁੱਝ ਨਾ ਕੁੱਝ ਸਿੱਖ ਕੇ ਗਿਆ ਹਾਂ ਤੇ ਉਹ ਹਮੇਸ਼ਾ ਮੈਨੂੰ ਸੱਚਾ ਰਾਹ ਦਿਖਾਉਣ ਦੀ ਕੋਸ਼ਿਸ਼ ਕਰਦੇ ਰਹੇ ਸਨ।
ਬੇਸ਼ੱਕ ਸਾਡੇ ਰਾਹ ਵੱਖ ਸਨ ਪਰ ਉਨ੍ਹਾਂ ਹਮੇਸ਼ਾ ਉਹੀ ਕੀਤਾ, ਜੋ ਸਾਡੀ ਪਾਰਟੀ ਲਈ ਸਹੀ ਸੀ। ਸ਼ਾਹ ਨੇ ਆਖਿਆ ਕਿ ਇੰਨੀ ਨਿਰਪੱਖਤਾ ਨਾਲ ਸਿਆਸੀ ਜੀਵਨ 'ਚ ਸਲਾਹ ਦੇਣਾ ਮਹਾਮਾਨਵ ਤੋਂ ਬਿਨਾਂ ਕੋਈ ਨਹੀਂ ਕਰ ਸਕਦਾ। ਸ਼ਾਹ ਨੇ ਪ੍ਰਕਾਸ਼ ਸਿੰਘ ਬਾਦਲ ਦੇ ਸਿਆਸੀ ਜੀਵਨ ਬਾਰੇ ਗੱਲ ਕਰਦਿਆਂ ਕਿਹਾ ਕਿ ਬਾਦਲ ਸਾਬ੍ਹ ਨੇ ਪੰਜਾਬ ਵਿਧਾਨ ਸਭਾ ਤੇ ਸਿਆਸਤ 'ਚ ਸਭ ਤੋਂ ਵੱਧ ਸਮਾਂ ਬਤੀਤ ਕੀਤਾ ਹੈ ਤੇ ਜਨਤਕ ਨੁਮਾਇੰਦੇ ਰਹਿਣ ਦਾ ਰਿਕਾਰਡ ਵੀ ਬਾਦਲ ਸਾਬ੍ਹ ਦਾ ਹੈ। ਇਸ ਤੋਂ ਇਲਾਵਾ ਉਹ 5 ਵਾਰ ਪੰਜਾਬ ਦੇ ਮੁੱਖ ਮੰਤਰੀ ਰਹੇ ਹਨ ਤੇ ਮੈਂ ਇਸ ਰਿਕਾਰਡ ਦੇ ਆਧਾਰ 'ਤੇ ਕਹਿ ਸਕਦਾ ਹਾਂ ਕਿ ਨਵੇਂ ਪੰਜਾਬ ਦੀ ਨੀਂਹ ਦਾ ਕੰਮ ਸਰਦਾਰ ਪ੍ਰਕਾਸ਼ ਸਿੰਘ ਬਾਦਲ ਨੇ ਕੀਤਾ। ਉਨ੍ਹਾਂ ਦੇ ਜਾਣ ਨਾਲ ਭਾਈਚਾਰੇ ਦਾ ਸਰਦਾਰ ਚਲਾ ਗਿਆ ਕਿਉਂਕਿ ਉਨ੍ਹਾਂ ਨੇ ਆਪਣਾ ਸਮੁੱਚਾ ਜੀਵਨ ਹਿੰਦੂ-ਸਿੱਖ ਏਕਤਾ ਲਈ ਸਮਰਪਿਤ ਕੀਤਾ।