ਪੰਜਾਬ ਦੇ ਸਾਬਕਾ ਮੁੱਖ ਮੰਤਰੀ ਪ੍ਰਕਾਸ਼ ਸਿੰਘ ਬਾਦਲ ਦਾ ਮੰਗਲਵਾਰ ਦੇਰ ਸ਼ਾਮ ਦੇਹਾਂਤ ਹੋ ਗਿਆ। ਉਹ 95 ਵਰ੍ਹਿਆਂ ਦੇ ਸਨ।ਸਾਹ ਲੈਣ ਦੀ ਤਕਲੀਫ਼ ਕਾਰਨ ਉਹ ਪਿਛਲੇ ਕਈ ਦਿਨਾਂ ਤੋਂ ਮੁਹਾਲੀ ਦੇ ਫੋਰਟਿਸ ਹਸਪਤਾਲ ਵਿੱਚ ਦਾਖ਼ਲ ਸਨ, ਇੱਥੇ ਹੀ ਉਨ੍ਹਾਂ ਆਖ਼ਰੀ ਸਾਹ ਲਏ। ਪ੍ਰਕਾਸ਼ ਸਿੰਘ ਬਾਦਲ ਅੱਧੀ ਸਦੀ ਤੋਂ ਵੱਧ ਪੰਜਾਬ ਅਤੇ ਪੰਥਕ ਸਿਆਸਤ ਵਿੱਚ ਛਾਏ ਰਹੇ। ਉਨ੍ਹਾਂ ਨੇ ਕੇਂਦਰੀ ਸਿਆਸਤ ਵਿੱਚ ਵੀ ਅਹਿਮ ਭੂਮਿਕਾ ਅਦਾ ਕੀਤੀ।
ਪੰਜਾਬ ਦੀ ਸਿਆਸਤ ਅਤੇ ਸੱਤਾ ਵਿੱਚ ਕਈ ਰਿਕਾਰਡ ਬਣਾਉਣ ਵਾਲੇ ਪ੍ਰਕਾਸ਼ ਸਿੰਘ ਬਾਦਲ ਨੂੰ ਪੰਜਾਬ ਦੀ ਸਿਆਸਤ ਵਿੱਚ ‘ਬਾਬਾ ਬੋਹੜ’ ਦੇ ਵਿਸ਼ੇਸ਼ਣ ਨਾਲ ਜਾਣਿਆ ਜਾਂਦਾ ਸੀ। ਪ੍ਰਕਾਸ਼ ਸਿੰਘ ਬਾਦਲ ਦੀ ਨਿੱਜੀ ਅਤੇ ਸਿਆਸੀ ਜ਼ਿੰਦਗੀ ਦੇ ਸਫ਼ਰ ਨੂੰ ਸਮਝਣ ਲਈ ਅਸੀਂ ਪੰਜਾਬ ਦੇ ਕੁਝ ਸੀਨੀਅਰ ਪੱਤਰਕਾਰਾਂ ਅਤੇ ਲੇਖਕਾਂ ਨਾਲ ਗੱਲਬਾਤ ਕੀਤੀ। ਅਸੀਂ ਉਨ੍ਹਾਂ ਤੋਂ ਪ੍ਰਕਾਸ਼ ਸਿੰਘ ਬਾਦਲ ਦੇ ਸੋਚਣ ਦੇ ਤਰੀਕੇ, ਲੋਕਾਂ ਵਿੱਚ ਵਿਚਰਨ, ਸਿਆਸੀ ਫੈਸਲੇ ਲੈਣ ਅਤੇ ਜ਼ਿੰਦਗੀ ਦੇ ਨਿੱਜੀ ਪਲਾਂ ਦੀਆਂ ਕੁਝ ਯਾਦਾਂ ਇਕੱਤਰ ਕੀਤੀਆਂ ਹਨ।