ਪੰਜਾਬ ਪੁਲਿਸ ਨੂੰ ਲੈ ਕੇ ਅਕਸਰ ਲੋਕਾਂ ਦੀਆਂ ਸ਼ਿਕਾਇਤਾਂ ਆਉਂਦੀਆਂ ਰਹਿੰਦੀਆਂ ਹਨ ਕਿ ਪੁਲਿਸ ਸਿਆਸੀ ਦਬਾਅ ਹੇਠ ਨਜਾਇਜ਼ ਪਰਚੇ ਦਰਜ ਕਰ ਕਰਦੀ ਹੈ ਪਰ ਇਸ ਦੇ ਉਲਟ ਬਟਾਲਾ ਹਲਕੇ ਦੇ ਥਾਣਾ ਸੇਖਵਾਂ ਵਿਖੇ ਉਸ ਵੇਲੇ ਦੇਖਣ ਨੂੰ ਮਿਲਿਆ ਜਦੋਂ ਹਲਕੇ ਦੇ ਇੱਕ ਵਿਅਕਤੀ ਦੇ ਘਰੋਂ ਪੁਲਿਸ ਵੱਲੋਂ 250 ਗ੍ਰਾਮ ਦੇਸੀ ਸ਼ਰਾਬ ਬਰਾਮਦ ਕੀਤੀ ਗਈ ਅਤੇ ਉਸ 'ਤੇ 15 ਬੋਤਲਾਂ ਨਾਜਾਇਜ਼ ਸ਼ਰਾਬ ਦਾ ਮਾਮਲਾ ਦਰਜ ਕੀਤਾ ਗਿਆ | ਇਸ ਸਬੰਧੀ ਜਦੋਂ ਹਲਕਾ ਬਟਾਲਾ ਦੇ ਲੋਕਾਂ ਨੇ ਬਟਾਲਾ ਦੇ ਵਿਧਾਇਕ ਅਮਨ ਸ਼ੇਰ ਸਿੰਘ ਸ਼ੈਰੀ ਕਲਸੀ ਨੂੰ ਸ਼ਿਕਾਇਤ ਕੀਤੀ ਤਾਂ ਵਿਧਾਇਕ ਲੋਕਾਂ ਨੂੰ ਨਾਲ ਲੈ ਕੇ ਦੇਰ ਰਾਤ ਥਾਣਾ ਸੇਖਵਾਂ ਬਟਾਲਾ ਦੇ ਅਧੀਨ ਆਉਂਦੇ ਥਾਣੇ ਪੁੱਜੇ।
ਇਸ ਮੌਕੇ ਪੁਲਿਸ ਮੁਲਾਜ਼ਮਾਂ ਦੇ ਰਿਹਾਇਸ਼ੀ ਕਮਰਿਆਂ ਦੇ ਜਦੋਂ ਵਿਧਾਇਕ ਨੇ ਤਾਲੇ ਖੋਲ੍ਹ ਕੇ ਚੈਕਿੰਗ ਕੀਤੀ ਤਾਂ ਅੰਦਰੋਂ ਅੰਗਰੇਜ਼ੀ ਵਿਸਕੀ ਦੀਆਂ ਬੋਤਲਾਂ ਸਮੇਤ 21 ਲੀਟਰ ਨਜਾਇਜ਼ ਦੇਸੀ ਸ਼ਰਾਬ ਬਰਾਮਦ ਹੋਈ। ਵਿਧਾਇਕ ਬਟਾਲਾ ਵੱਲੋਂ ਮੌਕੇ 'ਤੇ ਬੁਲਾਏ ਗਏ ਡੀ.ਐੱਸ.ਪੀ ਲਲਿਤ ਕੁਮਾਰ ਦੇ ਸਾਹਮਣੇ ਜਦੋਂ ਥਾਣਾ ਸਦਰ ਦੇ ਇੰਚਾਰਜ ਲਖਵਿੰਦਰ ਸਿੰਘ ਨੂੰ ਮੁਲਾਜ਼ਮਾਂ ਦੇ ਰਿਹਾਇਸ਼ੀ ਕਮਰਿਆਂ 'ਚੋਂ 21 ਲੀਟਰ ਨਾਜਾਇਜ਼ ਦੇਸੀ ਸ਼ਰਾਬ ਬਰਾਮਦ ਹੋਣ ਬਾਰੇ ਪੁੱਛਿਆ ਗਿਆ ਤਾਂ ਇਸ ਗੱਲ ਦਾ ਥਾਣਾ ਇੰਚਾਰਜ ਸਮੇਤ ਮੌਕੇ ’ਤੇ ਮੌਜੂਦ ਮੁਲਾਜ਼ਮਾਂ ਕੋਲ ਕੋਈ ਜਵਾਬ ਨਹੀਂ ਸੀ। ਇਸ ਮੌਕੇ ਜਦੋਂ ਵਿਧਾਇਕ ਬਟਾਲਾ ਨੇ ਡੀਐਸਪੀ ਲਲਿਤ ਕੁਮਾਰ ਨੂੰ ਬਣਦੀ ਕਾਰਵਾਈ ਕਰਨ ਦੇ ਹੁਕਮ ਦਿੱਤੇ ਤਾਂ ਮੌਜੂਦਾ ਚਾਰ ਪੁਲੀਸ ਮੁਲਾਜ਼ਮਾਂ ਦੇ ਮੈਡੀਕਲ ਕਰਵਾਉਣ ਦੇ ਲਈ ਸਿਵਲ ਹਸਪਤਾਲ ਬਟਾਲਾ ਭੇਜਿਆ ਗਿਆ ਤਾਂ ਉਨ੍ਹਾਂ ਵਿੱਚੋਂ ਦੋ ਨੇ ਸ਼ਰਾਬ ਪੀਤੀ ਹੋਈ ਨਿਕਲੀ। ਵਿਧਾਇਕ ਨੇ ਕਿਹਾ ਕਿ ਹੁਣ ‘ਆਪ’ ਸਰਕਾਰ ਵਿੱਚ ਅਜਿਹੀ ਧੱਕੇਸ਼ਾਹੀ ਬਰਦਾਸ਼ਤ ਨਹੀਂ ਕੀਤੀ ਜਾਵੇਗੀ।