ਬੇਸ਼ਕ ਵਿਰੋਧੀ ਪਾਰਟੀਆਂ 2024 ਦੀਆਂ ਲੋਕ ਸਭਾ ਚੋਣਾਂ ਵਿੱਚ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੀ ਅਗਵਾਈ ਹੇਠ ਤਾਕਤਵਰ ਭਾਜਪਾ ਦਾ ਮੁਕਾਬਲਾ ਕਰਨ ਲਈ ਇੱਕ ਸਾਂਝੀ ਰਣਨੀਤੀ ਬਣਾਉਣ ਲਈ ਸੰਘਰਸ਼ ਕਰ ਰਹੀਆਂ ਹਨ ਪਰ ਸੱਤਾਧਾਰੀ ਪਾਰਟੀ ਭਾਜਪਾ ਮੁੱਖ ਵਿਰੋਧੀ ਨੇਤਾਵਾਂ ਦੀ ਹਾਰ ਨੂੰ ਯਕੀਨੀ ਬਣਾਉਣ ਦੀ ਰਣਨੀਤੀ ’ਤੇ ਪਹਿਲਾਂ ਹੀ ਕੰਮ ਕਰ ਰਹੀ ਹੈ। ਪ੍ਰਮੁੱਖ ਵਿਰੋਧੀ ਨੇਤਾਵਾਂ ਨੂੰ ਹਰਾਉਣ ਲਈ ਚੋਣਵੇਂ ਕੇਂਦਰੀ ਮੰਤਰੀਆਂ ਨੂੰ ਕਰੀਬ 20 ਲੋਕ ਸਭਾ ਹਲਕਿਆਂ ਦਾ ਚਾਰਜ ਦੇਣ ਦਾ ਫੈਸਲਾ ਕੀਤਾ ਗਿਆ ਹੈ। ਭਾਜਪਾ ਨੇ ਅਜਿਹੀਆਂ 165 ਲੋਕ ਸਭਾ ਸੀਟਾਂ ਦੀ ਪਛਾਣ ਕੀਤੀ ਹੈ ਜਿੱਥੇ ਭਾਜਪਾ 2019 ਦੀਆਂ ਲੋਕ ਸਭਾ ਚੋਣਾਂ ਹਾਰ ਗਈ ਸੀ।
ਅਜਿੱਤ ਸਮਝੇ ਜਾਂਦੇ ਪ੍ਰਮੁੱਖ ਵਿਰੋਧੀ ਆਗੂਆਂ ਨੂੰ ਹਰਾਉਣ ਲਈ 20 ਲੋਕ ਸਭਾ ਸੀਟਾਂ ਜਿੱਤਣ ’ਤੇ ਭਾਜਪਾ ਦਾ ਸਾਰਾ ਧਿਆਨ ਹੈ। ਉਦਾਹਰਣ ਵਜੋਂ ਕੇਂਦਰੀ ਵਿੱਤ ਮੰਤਰੀ ਨਿਰਮਲਾ ਸੀਤਾਰਮਨ ਨੂੰ ਬਾਰਾਮਤੀ ਲੋਕ ਸਭਾ ਸੀਟ ਦਾ ਚਾਰਜ ਦਿੱਤਾ ਗਿਆ ਹੈ, ਜਿਸ ਨੂੰ ਸ਼ਰਦ ਪਵਾਰ ਦਾ ਪਰਿਵਾਰਕ ਗੜ੍ਹ ਮੰਨਿਆ ਜਾਂਦਾ ਹੈ। ਫਿਲਹਾਲ ਇਹ ਸੀਟ ਉਨ੍ਹਾਂ ਦੀ ਬੇਟੀ ਸੁਪ੍ਰਿਆ ਸੁਲੇ ਕੋਲ ਹੈ। ਇਹ ਫੈਸਲਾ ਕੀਤਾ ਗਿਆ ਹੈ ਕਿ ਨਿਰਮਲਾ ਸੀਤਾਰਮਨ 2-3 ਦਿਨਾਂ ਲਈ ਸਮੇਂ-ਸਮੇਂ ’ਤੇ ਬਾਰਾਮਤੀ ਜਾਂਦੇ ਰਹਿਣਗੇ। ਇਸੇ ਤਰ੍ਹਾਂ ਸੋਨੀਆ ਗਾਂਧੀ ਦੀ ਹਾਰ ਯਕੀਨੀ ਬਣਾਉਣ ਲਈ ਕੇਂਦਰੀ ਖੇਤੀ ਮੰਤਰੀ ਨਰਿੰਦਰ ਸਿੰਘ ਤੋਮਰ ਰਾਏਬਰੇਲੀ ਵਿੱਚ ਡੇਰਾ ਲਾਉਣਗੇ।