ਪੰਜਾਬ ਵਿਧਾਨ ਸਭਾ 'ਚ ਕੈਬਨਿਟ ਮੰਤਰੀ ਗੁਰਮੀਤ ਸਿੰਘ ਮੀਤ ਹੇਅਰ ਨੇ ਹਿਮਾਚਲ ਪ੍ਰਦੇਸ਼ ਵੱਲੋਂ ਬਿਜਲੀ ਉਤਪਾਦਨ ਲਈ ਇਸਤੇਮਾਲ ਕੀਤੇ ਜਾਣ ਵਾਲੇ ਪਾਣੀ 'ਤੇ ਵਾਟਰ ਸੈੱਸ ਲਾਉਣ ਲਈ ਜਾਰੀ ਕੀਤੇ ਆਰਡੀਨੈਂਸ ਖ਼ਿਲਾਫ਼ ਮਤਾ ਪੇਸ਼ ਕੀਤਾ। ਇਸ 'ਤੇ ਬੋਲਦਿਆਂ ਮੁੱਖ ਮੰਤਰੀ ਮਾਨ ਵਲੋਂ ਹਿਮਾਚਲ ਸਰਕਾਰ 'ਤੇ ਤਿੱਖੇ ਨਿਸ਼ਾਨੇ ਵਿੰਨ੍ਹੇ ਗਏ। ਉਨ੍ਹਾਂ ਨੇ ਕਿਹਾ ਕਿ ਅੱਜ ਪੰਜਾਬ ਸਿਰਫ ਪਾਣੀਆਂ ਦੇ ਨਾਂ ਦਾ ਸੂਬਾ ਰਹਿ ਗਿਆ ਹੈ। ਨਾ ਸਾਡਾ ਧਰਤੀ ਵਾਲਾ ਪਾਣੀ ਵੀ ਪਹੁੰਚ ਤੋਂ ਦੂਰ ਹੋ ਗਿਆ ਅਤੇ 80 ਫ਼ੀਸਦੀ ਤੋਂ ਉੱਪਰ ਸਾਡੇ ਜ਼ੋਨ ਡਾਰਕ ਜ਼ੋਨ 'ਚ ਚਲੇ ਗਏ।
ਉਨ੍ਹਾਂ ਨੇ ਕਿਹਾ ਕਿ ਕਾਂਗਰਸ ਦੇ ਬਹੁਤ ਚਿਹਰੇ ਹਨ। ਹਿਮਾਚਲ ਵੱਲੋਂ ਲਾਇਆ ਜਾਣ ਵਾਲੇ ਵਾਟਰ ਸੈੱਸ ਨੂੰ ਮੁੱਖ ਮੰਤਰੀ ਮਾਨ ਨੇ ਗਲਤ ਦੱਸਿਆ ਹੈ। ਉਨ੍ਹਾਂ ਕਿਹਾ ਕਿ ਪੰਜਾਬ ਦੇ ਹਰ ਮਸਲੇ ਨੂੰ ਹੱਲ ਕੀਤਾ ਜਾਵੇਗਾ। ਪੰਜਾਬ ਦੇ ਪਾਣੀ 'ਤੇ ਪੰਜਾਬ ਦਾ ਹੱਕ ਹੈ ਅਤੇ ਇਸ 'ਤੇ ਕੋਈ ਵੀ ਬੁਰੀ ਨਜ਼ਰ ਨਾ ਰੱਖੇ। ਉਨ੍ਹਾਂ ਕਿਹਾ ਕਿ ਅਸੀਂ ਧਰਤੀ ਅਤੇ ਦਰਿਆਵਾਂ ਵਾਲਾ ਪਾਣੀ ਬਚਾਉਣ ਦੀ ਕੋਸ਼ਿਸ਼ ਕਰ ਰਹੇ ਹਾਂ ਅਤੇ ਝੋਨੇ ਦਾ ਬਦਲ ਲੱਭਣ ਦੀ ਕੋਸ਼ਿਸ਼ ਕਰ ਰਹੇ ਹਾਂ ਪਰ ਹਰ ਵਾਰੀ ਸਾਡਾ ਧਿਆਨ ਭਟਕਾਉਣ ਲਈ ਕੋਈ ਨਾ ਕੋਈ ਸਿਆਪਾ ਪਾ ਦਿੱਤਾ ਜਾਂਦਾ ਹੈ।