'ਵਾਰਿਸ ਪੰਜਾਬ ਦੇ' ਦੇ ਮੁਖੀ ਅਤੇ ਖਾਲਿਸਤਾਨੀ ਸਮਰਥਕ ਅੰਮ੍ਰਿਤਪਾਲ ਸਿੰਘ ਨੂੰ ਫੜਨ ਲਈ ਪੁਲਿਸ ਲਗਾਤਾਰ ਭਾਲ ਕਰ ਰਹੀ ਹੈ ਪਰ ਅਜੇ ਤੱਕ ਉਹ ਪੁਲਿਸ ਦੇ ਹੱਥ ਨਹੀਂ ਲੱਗਾ ਹੈ। ਇਸ ਦੌਰਾਨ ਅੰਮ੍ਰਿਤਪਾਲ ਦੀ ਆਖਰੀ ਲੋਕੇਸ਼ਨ ਮਿਲ ਗਈ ਹੈ ਅਤੇ ਇਸ ਗੱਲ ਦਾ ਖੁਲਾਸਾ ਆਈਜੀਪੀ ਸੁਖਚੈਨ ਸਿੰਘ ਗਿੱਲ ਨੇ ਕੀਤਾ ਹੈ। ਆਈਜੀਪੀ ਸੁਖਚੈਨ ਸਿੰਘ ਗਿੱਲ ਨੇ ਦੱਸਿਆ, ‘ਪੁਲਿਸ ਅੰਮ੍ਰਿਤਪਾਲ ਸਿੰਘ ਦੀ ਭਾਲ ਕਰ ਰਹੀ ਹੈ। ਸਾਨੂੰ ਪਤਾ ਲੱਗਾ ਹੈ ਕਿ ਇਸ ਦਾ ਆਖਰੀ ਟਿਕਾਣਾ ਹਰਿਆਣਾ ਹੈ। ਅਸੀਂ ਬਲਜੀਤ ਕੌਰ ਨਾਂ ਦੀ ਔਰਤ ਨੂੰ ਹਿਰਾਸਤ ਵਿੱਚ ਲੈ ਲਿਆ ਹੈ। ਅੰਮ੍ਰਿਤਪਾਲ ਕੁਰੂਕਸ਼ੇਤਰ ਵਿੱਚ ਇਸ ਔਰਤ ਦੇ ਘਰ ਰਹਿੰਦਾ ਸੀ ਅਤੇ ਇਹ ਲੋਕ ਪਿਛਲੇ 2.5 ਸਾਲਾਂ ਤੋਂ ਸੰਪਰਕ ਵਿੱਚ ਸਨ।
ਦੱਸਿਆ ਜਾਂਦਾ ਹੈ ਕਿ 20 ਮਾਰਚ ਨੂੰ ਅੰਮ੍ਰਿਤਪਾਲ ਪੰਜਾਬ ਛੱਡ ਕੇ ਹਰਿਆਣਾ ਵਿੱਚ ਦਾਖਲ ਹੋਇਆ ਸੀ। ਸ਼ਾਹਬਾਦ 'ਚ ਪਨਾਹ ਦੇਣ ਵਾਲੇ ਪਰਿਵਾਰ ਤੋਂ ਪੁੱਛਗਿੱਛ ਕਰਨ ਤੋਂ ਬਾਅਦ ਪੁਲਸ ਯਕੀਨੀ ਤੌਰ 'ਤੇ ਮੰਨਦੀ ਹੈ ਕਿ ਅੰਮ੍ਰਿਤਪਾਲ ਦਾ ਮਕਸਦ ਪੰਜਾਬ ਛੱਡ ਕੇ ਦੂਜੇ ਸੂਬਿਆਂ 'ਚ ਸੁਰੱਖਿਅਤ ਪਨਾਹਗਾਹ ਲੱਭਣਾ ਹੈ। 18 ਮਾਰਚ ਨੂੰ ਪੁਲੀਸ ਨੇ ਕਾਰਵਾਈ ਸ਼ੁਰੂ ਕਰ ਦਿੱਤੀ ਸੀ। ਇਸ ਮਾਮਲੇ ਵਿੱਚ ਇੱਕ ਹੋਰ ਸੀਸੀਟੀਵੀ ਫੁਟੇਜ ਸਾਹਮਣੇ ਆਈ ਹੈ। ਇਹ ਫੁਟੇਜ ਕੁਰੂਕਸ਼ੇਤਰ ਦੀ ਦੱਸੀ ਜਾ ਰਹੀ ਹੈ ,ਜਿੱਥੇ ਅੰਮ੍ਰਿਤਪਾਲ ਸਿੰਘ ਠਹਿਰਿਆ ਹੋਇਆ ਸੀ।