ਅੱਜ ਯਾਨੀ ਰਵਿਵਾਰ ਨੂੰ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਬੀਤੇ ਦਿਨੀਂ ਭਾਰੀ ਮੀਂਹ ਅਤੇ ਗੜ੍ਹੇਮਾਰੀ ਕਰਕੇ ਫਸਲ ਨੂੰ ਹੋਏ ਨੁਕਸਾਨ ਦਾ ਜਾਇਜਾ ਲੈਣ ਲਈ ਸ੍ਰੀ ਮੁਕਤਸਰ ਸਾਹਿਬ ਜਿਲ੍ਹੇ ਦੇ ਪਿੰਡ ਡੱਬਵਾਲੀ ਢਾਬ ਵਿਖੇ ਪਹੁੰਚੇ। ਇਸ ਦੌਰਾਨ ਉਹਨਾਂ ਪ੍ਰਭਾਵਿਤ ਕਿਸਾਨਾਂ ਅਤੇ ਪ੍ਰਸਾਸ਼ਨਿਕ ਅਧਿਕਾਰੀਆਂ ਨਾਲ ਗੱਲਬਾਤ ਕੀਤੀ। ਜਾਇਜਾ ਲੈਣ ਉਪਰੰਤ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਨੇ ਕਿਹਾ ਕਿ "ਇੱਕ ਹਫਤੇ 'ਚ ਗਿਰਦਾਵਰੀ ਕਰਵਾ ਕੇ ਦਸ ਦਿਨਾਂ 'ਚ ਮੁਆਵਜ਼ਾ ਕਿਸਾਨਾਂ ਤੱਕ ਪਹੁੰਚੇਗਾ।
ਉਨ੍ਹਾਂ ਕਿਹਾ ਕਿ ਕੁਦਰਤੀ ਕਹਿਰ ਤੋਂ ਬਾਅਦ ਜਿਸ ਤਰ੍ਹਾ ਬੀਤੀਆਂ ਸਰਕਾਰਾਂ ਸਮੇਂ ਗਿਰਦਾਵਰੀ ਹੁੰਦੀ ਰਹੀ, ਇਹ ਗਿਰਦਾਵਰੀ ਉਸ ਤਰ੍ਹਾ ਨਹੀਂ ਹੋਵੇਗੀ, ਕਿਉਂਕਿ ਇਸ ਵਾਰ ਸੰਬੰਧਿਤ ਅਧਿਕਾਰੀ ਸਿੱਧੇ ਤੌਰ ਤੇ ਪ੍ਰਭਾਵਿਤ ਵਿਅਕਤੀ ਤੱਕ ਪਹੁੰਚ ਕਰਨਗੇ। ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਨੇ ਕਿਹਾ ਕਿ 15 ਹਜਾਰ ਰੁਪਏ ਪ੍ਰਤੀ ਏਕੜ ਦੇ ਹਿਸਾਬ ਨਾਲ ਮੁਆਵਜ਼ਾ ਦਿੱਤਾ ਜਾਵੇਗਾ। ਇਸ ਦੌਰਾਨ ਇੱਕ ਸਵਾਲ ਦਾ ਜਵਾਬ ਦਿੰਦਿਆਂ ਮੁੱਖ ਮੰਤਰੀ ਨੇ ਕਿਹਾ ਕਿ ਕੁਦਰਤੀ ਕਹਿਰ ਨਾਲ ਖਰਾਬ ਹੋਈ ਫਸਲ ਤੋਂ ਬਾਅਦ ਕਿਸਾਨ ਨੂੰ ਸਰਕਾਰਾਂ ਵੱਲ ਨਾ ਦੇਖਣਾ ਪਵੇ ਇਸ ਲਈ ਫਸਲ ਸੰਬੰਧੀ ਠੋਸ ਪਾਲਿਸੀ ਵੀ ਜਲਦ ਹੀ ਲਾਗੂ ਕੀਤੀ ਜਾਵੇਗੀ।