ਲੰਮੇ ਸਮੇਂ ਬਾਅਦ ਸਾਹਮਣੇ ਆਏ ਪ੍ਰਕਾਸ਼ ਸਿੰਘ ਬਾਦਲ, ਪੰਜਾਬ ਨੂੰ ਲੈ ਕੇ ਦਿੱਤਾ ਵੱਡਾ ਬਿਆਨ

Tags

ਪੰਜਾਬ ਦੇ ਸਾਬਕਾ ਮੁੱਖ ਮੰਤਰੀ ਅਤੇ ਸ਼੍ਰੋਮਣੀ ਅਕਾਲੀ ਦਲ ਦੇ ਸਰਪ੍ਰਸਤ ਪ੍ਰਕਾਸ਼ ਸਿੰਘ ਬਾਦਲ ਨੇ ਵੱਡਾ ਬਿਆਨ ਦਿੰਦਿਆਂ ਕਿਹਾ ਕਿ ਪੰਜਾਬ ਦੇ ਮੌਜੂਦਾ ਹਾਲਾਤ ਬਦ ਤੋਂ ਬਦਤਰ ਹੋਏ ਪਏ ਹਨ, ਜਦੋਂ ਕਿ ਸਰਕਾਰ ਸਿਰਫ਼ ਹੱਥ ’ਤੇ ਹੱਥ ਧਰ ਕੇ ਮੂਕ ਦਰਸ਼ਕ ਬਣੀ ਬੈਠੀ ਹੈ, ਜੋ ਕਿ ਬਹੁਤ ਮਾੜੀ ਗੱਲ ਹੈ। ਪ੍ਰਕਾਸ਼ ਸਿੰਘ ਬਾਦਲ ਨੇ ਇਹ ਪ੍ਰਗਟਾਵਾ ਬੀਤੇ ਦਿਨ ਸਾਬਕਾ ਕੈਬਨਿਟ ਮੰਤਰੀ ਤੇ ਸੀਨੀਅਰ ਨੇਤਾ ਸੁਰਜੀਤ ਸਿੰਘ ਰੱਖੜਾ, ਸਾਬਕਾ ਮੰਤਰੀ ਸਿਕੰਦਰ ਸਿੰਘ ਮਲੂਕਾ ਤੇ ਹੋਰਨਾਂ ਆਗੂਆਂ ਨਾਲ ਇਕ ਮੀਟਿੰਗ ਦੌਰਾਨ ਕੀਤਾ। ਇਸ ਦੌਰਾਨ ਬਾਦਲ ਅਤੇ ਸਾਬਕਾ ਮੰਤਰੀ ਸੁਰਜੀਤ ਸਿੰਘ ਰੱਖੜਾ ਨੇ ਪੰਜਾਬ ਦੇ ਸਿਆਸੀ ਹਾਲਾਤ ਅਤੇ ਪੰਜਾਬ ਦੇ ਵਿਕਾਸ ਬਾਰੇ ਵੀ ਖੁੱਲ੍ਹ ਕੇ ਵਿਚਾਰ-ਚਰਚਾ ਕੀਤੀ।

ਪ੍ਰਕਾਸ਼ ਸਿੰਘ ਬਾਦਲ ਨੇ ਆਖਿਆ ਕਿ ਅੱਜ ਆਮ ਆਦਮੀ ਪਾਰਟੀ ਦੀ ਨਾਲਾਇਕੀ ਕਾਰਨ ਲੋਕਾਂ ਦਾ ਜਿਉਣਾ ਮੁਸ਼ਕਿਲ ਹੋਇਆ ਪਿਆ ਹੈ। ਹਰ ਪਾਸੇ ਲੋਕ ਤੰਗ-ਪ੍ਰੇਸ਼ਾਨ ਨਜ਼ਰ ਆ ਰਹੇ ਹਨ ਅਤੇ ਲਾਅ ਐਂਡ ਆਰਡਰ ਨਾਂ ਦੀ ਕੋਈ ਵੀ ਚੀਜ਼ ਪੰਜਾਬ ਅੰਦਰ ਦੇਖਣ ਲਈ ਨਹੀਂ ਮਿਲ ਰਹੀ। ਉਨ੍ਹਾਂ ਕਿਹਾ ਕਿ ਜਦੋਂ ਤੋਂ ‘ਆਪ’ ਨੇ ਸੱਤਾ ਸੰਭਾਲੀ ਹੈ, ਉਦੋਂ ਤੋਂ ਹੀ ਲੋਕਾਂ ਦੀਆਂ ਤਕਲੀਫਾਂ ਅਤੇ ਦੁੱਖ ਵਧ ਗਏ ਹਨ। ਅੱਜ ਹਰ ਕੋਈ ਆਮ ਆਦਮੀ ਪਾਰਟੀ ਨੂੰ ਸੱਤਾ ’ਚ ਲਿਆ ਕੇ ਪਛਤਾ ਰਿਹਾ ਹੈ ਕਿਉਂਕਿ ਲੋਕ ਹੁਣ ਇਸ ਸਰਕਾਰ ਦੀਆਂ ਘਟੀਆ ਨੀਤੀਆਂ ਤੋਂ ਪੂਰੀ ਤਰ੍ਹਾਂ ਜਾਣੂ ਹੋ ਚੁੱਕੇ ਹਨ।


ਅੱਜ ਹਰ ਕੋਈ ਅਕਾਲੀ ਦਲ ਦੇ ਸਮੇਂ ਨੂੰ ਯਾਦ ਕਰ ਰਿਹਾ ਹੈ। ਇਸ ਮੌਕੇ ਸੁਰਜੀਤ ਸਿੰਘ ਰੱਖੜਾ ਨੇ ਕਿਹਾ ਕਿ ਪੰਜਾਬ ਦੇ ਹਾਲਾਤ ਅੱਜ ਇਸ ਤਰ੍ਹਾਂ ਜਾਪ ਰਹੇ ਹਨ, ਜਿਵੇਂ ਕੋਈ ਪੰਜਾਬ ਦਾ ਵਾਲੀ ਵਾਰਸ ਹੀ ਨਾ ਹੋਵੇ। ਹਰ ਪਾਸੇ ਕ੍ਰਾਈਮ ਕਰ ਕੇ ਲੋਕ ਤ੍ਰਾਹ-ਤ੍ਰਾਹ ਕਰ ਰਹੇ ਹਨ। ਪਹਿਲਾਂ ਕਾਂਗਰਸ ਨੇ ਜਮ ਕੇ ਲੋਕਾਂ ਦੀ ਲੁੱਟ ਕੀਤੀ। ਹੁਣ ਆਮ ਆਦਮੀ ਪਾਰਟੀ ਵੀ ਉਸੇ ਰਾਹ ’ਤੇ ਚੱਲ ਕੇ ਲੋਕਾਂ ਨੂੰ ਮੂਰਖ ਬਣਾਉਣ ’ਚ ਮਸ਼ਰੂਫ ਨਜ਼ਰ ਆ ਰਹੀ ਹੈ, ਜਿਸ ਦਾ ਅਕਾਲੀ ਦਲ ਵੱਲੋਂ ਡਟ ਕੇ ਵਿਰੋਧ ਕੀਤਾ ਜਾਵੇਗਾ।

ਉਨ੍ਹਾਂ ਕਿਹਾ ਕਿ ਪੰਜਾਬ ਦੇ ਵਿਕਾਸ ਦੇ ਨਾਂ ’ਤੇ ਦਾਅਵੇ ਤਾਂ ਵੱਡੇ-ਵੱਡੇ ਕੀਤੇ ਜਾ ਰਹੇ ਹਨ ਪਰ ਅਮਲੀਜਾਮਾ ਕਿਸੇ ਇਕ ਵੀ ਦਾਅਵੇ ਨੂੰ ਪੈਂਦਾ ਨਜ਼ਰ ਨਹੀਂ ਆ ਰਿਹਾ। ਲੋਕ ਫਿਰ ਤੋਂ ਅਕਾਲੀ ਦਲ ਨੂੰ ਯਾਦ ਕਰ ਰਹੇ ਹਨ ਕਿਉਂਕਿ ਲੋਕਾਂ ਦਾ ਅਸਲ ਵਿਕਾਸ ਸਿਰਫ਼ ਅਕਾਲੀ ਦਲ ਦੇ ਸਮੇਂ ਅੰਦਰ ਹੀ ਹੋਇਆ ਸੀ। ਇਸ ਲਈ ਫਿਰ ਤੋਂ ਲੋਕ ਅਕਾਲੀ ਦਲ ਨੂੰ ਸੱਤਾ ’ਚ ਲਿਆਉਣ ਦੀ ਤਿਆਰੀਆਂ ਕਰ ਰਹੇ ਹਨ। ਉਨ੍ਹਾਂ ਕਿਹਾ ਕਿ ਦੀਆਂ ਸਮੱਸਿਆਵਾਂ ਦਾ ਹੱਲ ਹੁਣ ਅਕਾਲੀ ਦਲ ਵੱਲੋਂ ਹੀ ਕੀਤਾ ਜਾਵੇਗਾ।