ਮੈਨੂੰ ਇੱਕ ਪਿੰਡ ਦੀ ਬੀਬੀ ਕਹਿੰਦੀ ਭਾਈ ਤੇਰੀ ਅੱਖ ਬਹੁਤ ਲੁੱਚੀ ਆ!

ਪੰਜਾਬੀ ਫ਼ਿਲਮਾਂ ਵਿੱਚ ਆਪਣੀ ਅਦਾਕਾਰੀ ਨਾਲ ਜਾਨ ਪਾਉਣ ਵਾਲਾ ਗੁਰਮੀਤ ਸਾਜਨ ਜਿੰਨਾਂ ਵਧੀਆ ਅਦਾਕਾਰ ਹੈ ਉਸ ਤੋਂ ਕਿਤੇ ਵਧੀਆ ਗਾਇਕ ਵੀ ਹੈ । ਮੋਗਾ ਦੇ ਪਿੰਡ ਲੰਡਿਆਂ ਵਿੱਚ ਜਨਮੇ ਗੁਰਮੀਤ ਸਾਜਨ ਨੇ ਪੰਜਵੀਂ ਜਮਾਤ ਵਿੱਚ ਕਲਾਸੀਕਲ ਸੰਗੀਤ ਦੀ ਸਿੱਖਿਆ ਲੈਣੀ ਸ਼ੁਰੂ ਕਰ ਦਿੱਤੀ ਸੀ । ਗੁਰਮੀਤ ਸਾਜਨ ਦੇ ਪਿਤਾ ਬਾਬੂ ਸਿੰਘ ਨੇ ਉਹਨਾਂ ਦੇ ਹਰ ਕਦਮ ਤੇ ਉਹਨਾਂ ਦਾ ਸਾਥ ਦਿੱਤਾ । ਸਰਕਾਰੀ ਬਰਜਿੰਦਰਾ ਕਾਲਜ ਫਰੀਦਕੋਟ ਵਿੱਚ ਸੰਗੀਤ ਦੇ ਵਿਸ਼ਿਆਂ ਵਿੱਚ ਹੀ ਆਪਣੀ ਪੜ੍ਹਾਈ ਪੂਰੀ ਕੀਤੀ ਤੇ ਪ੍ਰੋ. ਕਿਸ਼ਨਕਾਂਤ ਤੋਂ ਸੰਗੀਤ ਦਾ ਹਰ ਗੁਰ ਸਿੱਖਿਆ ।


ਕਾਲਜ ਦੇ ਦਿਨਾਂ ਵਿੱਚ ਹੀ ਉਹਨਾਂ ਨੇ ਥਿਏਟਰ ਵਿੱਚ ਵੀ ਹਿੱਸਾ ਲੈਣਾ ਸ਼ੁਰੂ ਕਰ ਦਿੱਤਾ । ਸੁਦਰਸ਼ਨ ਮੈਨੀ ਨਾਲ ਮਿਲ ਕੇ ਗੁਰਮੀਤ ਸਾਜਨ ਨੇ ਕਈ ਨਾਟਕ ਖੇਡੇ । ਗਾਇਕੀ ਵਿੱਚ ਰੁਚੀ ਹੋਣ ਕਰਕੇ ਗੁਰਮੀਤ ਸਾਜਨ ਨੇ ਦੋ ਆਡੀਓ ਕੈਸੇਟਾਂ ਵੀ ਕੱਢੀਆਂ । ਉਹਨਾਂ ਦੀਆਂ ਕੈਸੇਟਾਂ ਦੇ ਨਾਂ ਸਨ 'ਉਹ ਦਿਨ ਪਰਤ ਨਹੀਂ ਆਉਣੇ' ਤੇ 'ਨੱਚਣਾ ਵੀ ਮਨਜ਼ੂਰ' ਸਨ । ਥਿਏਟਰ ਵਿੱਚ ਕੰਮ ਕਰਨ ਕਰਕੇ ਉਹਨਾਂ ਨੇ ਨਿੱਜੀ ਪੰਜਾਬੀ ਚੈਨਲ ਲਈ ਵੀ ਕਈ ਲੜੀਵਾਰ ਨਾਟਕ ਬਣਾਏ । ਇਸ ਤੋਂ ਇਲਾਵਾ ਉਹਨਾਂ ਨੇ 'ਪ੍ਰੋਫੈਸਰ ਮਨੀਪਲਾਂਟ' ਵਿੱਚ ਜਸਪਾਲ ਭੱਟੀ ਤੇ ਸੁਨੀਲ ਗਰੋਵਰ ਨਾਲ ਕੰਮ ਕੀਤਾ।

ਗੁਰਮੀਤ ਸਾਜਨ ਨੇ ਆਪਣੀ ਖ਼ੁਦ ਦੀ ਪ੍ਰੋਡਕਸ਼ਨ ਹੇਠ ਕਾਮੇਡੀ ਟੈਲੀ ਫ਼ਿਲਮ 'ਘਾਲਾਮਾਲਾ' ਬਣਾਈ, ਇਸ ਫ਼ਿਲਮ ਵਿੱਚ ਉਹਨਾਂ ਦੀ ਅਦਾਕਾਰੀ ਨੂੰ ਕਾਫੀ ਪਸੰਦ ਕੀਤਾ ਗਿਆ । ਇਸ ਫ਼ਿਲਮ ਦੀ ਸਫਲਤਾ ਤੋਂ ਬਾਅਦ ਗੁਰਮੀਤ ਸਾਜਨ ਨੇ 'ਮਾਂ ਦਾ ਧਰਮਿੰਦਰ', 'ਤੜਾਗੀ ਵਾਲਾ ਬਾਬਾ' ਤੇ 'ਘਾਲਾਮਾਲਾ ਲੜੀ' ਦੇ ਪੰਜ ਸੀਕਵਲ ਬਣਾਏ । ਗੁਰਮੀਤ ਸਾਜਨ ਨੇ ਯੂ-ਟਿਊਬ 'ਤੇ ਇੱਕ ਚੈਨਲ ਵੀ ਚਲਾਇਆ । ਇਸ ਸਭ ਦੇ ਚਲਦੇ ਗੁਰਮੀਤ ਸਾਜਨ ਦੀ ਮੁਲਾਕਾਤ ਮਨਦੀਪ ਕੁਮਾਰ ਨਾਲ ਹੋਈ, ਤੇ ਉਹਨਾਂ ਨੇ 'ਤੇਰੇ ਨਾਲ ਲਵ ਹੋ ਗਿਆ' ਵਿੱਚ ਓਮਪੁਰੀ ਦੇ ਭਰਾ ਦਾ ਕਿਰਦਾਰ ਨਿਭਾਇਆ।


ਪਾਲੀਵੁੱਡ ਦੀ ਗੱਲ ਕੀਤੀ ਜਾਵੇ ਤਾਂ ਉਹਨਾਂ ਦੀ ਸ਼ੁਰੂਆਤ ਬਲਕਰਨ ਵੜਿੰਗ ਦੀ ਫ਼ਿਲਮ 'ਉਡੀਕਾਂ ਸਾਉਣ ਦੀਆਂ' ਨਾਲ ਹੋਈ ਸੀ । ਇਸ ਤੋਂ ਬਾਅਦ ਉਹਨਾਂ ਨੇ ਪਿੱਛੇ ਮੁੜ ਕੇ ਨਹੀਂ ਦੇਖਿਆ । ਉਹਨਾਂ ਨੇ ਕੁਲਵਿੰਦਰ ਕੰਵਲ ਤੇ ਨਿਰਮਲ ਸਿੱਧੂ ਨਾਲ ਮਿਲ ਕੇ 'ਕੈਦਾਂ ਉਮਰਾਂ ਦੀਆਂ' ਫ਼ਿਲਮ ਬਣਾਈ ।ਗੁਰਮੀਤ ਸਾਜਨ ਨੇ 'ਬਗ਼ਾਵਤ', 'ਧਰਮ ਜੱਟ ਦਾ', 'ਪਛਤਾਵਾ', 'ਜ਼ੈਲਦਾਰ' ਸਮੇਤ ਬਹੁਤ ਸਾਰੀਆਂ ਫ਼ਿਲਮਾਂ 'ਚ ਕੰਮ ਕੀਤਾ ।

ਫ਼ਿਲਮੀ ਦੁਨੀਆ ਵਿੱਚ ਚੰਗਾ ਨਾਂ ਹੋਣ ਦੇ ਬਾਵਜੂਦ ਉਹ ਇਸ ਤੋਂ ਕੁਝ ਸਮੇਂ ਲਈ ਦੂਰ ਹੋ ਗਏ ਪਰ ਸਾਲ 2015 ਵਿੱਚ ਆਈ ਫ਼ਿਲਮ ਅੰੰਗਰੇਜ਼ ਨਾਲ ਉਹਨਾਂ ਨੇ ਫਿਰ ਵੱਡੇ ਪਰਦੇ ਤੇ ਵਾਪਸੀ ਕੀਤੀ । 'ਅੰਗਰੇਜ਼' ਫ਼ਿਲਮ ਵਿੱਚ ਉਹਨਾਂ ਦੇ ਫੁੱਫੜ ਦਾ ਕਿਰਦਾਰ ਯਾਦਗਾਰ ਹੋ ਨਿੱਬੜਿਆ ਤੇ ਵੱਡੇ ਪਰਦੇ ਤੇ ਉਹਨਾਂ ਦਾ ਸਿੱਕਾ ਫਿਰ ਚੱਲ ਗਿਆ । ਇਸ ਤੋਂ ਬਾਅਦ ਫ਼ਿਲਮ 'ਲਵ ਪੰਜਾਬ', 'ਕਪਤਾਨ', 'ਨਿੱਕਾ ਜ਼ੈਲਦਾਰ', 'ਤੂਫ਼ਾਨ ਸਿੰਘ' ਤੇ ਹੋਰ ਕਈ ਫ਼ਿਲਮਾਂ ਵਿੱਚ ਆਪਣੀ ਅਦਾਕਾਰੀ ਦੇ ਜਲਵੇ ਦਿਖਾਉਂਦੇ ਆ ਰਹੇ ਹਨ ।