ਆਮ ਵਿਅਕਤੀ ਜਦ ਪਹਿਲੀ ਵਾਰੀ ਵਿਦੇਸ਼ ਜਾਂਦਾ ਹੈ ਤਾਂ ਉਸ ਵਿਚ ਇਹ ਭੈਅ ਜ਼ਰੂਰ ਹੁੰਦਾ ਹੈ ਕਿ ਉਹ ਉੱਥੇ ਜਾ ਕੇ ਕਿਤੇ ਓਪਰੀ ਭਾਸ਼ਾ ਦੀਆਂ ਗੁੰਝਲਾਂ ਹੀ ਨਾ ਖੋਲ੍ਹਦਾ ਰਹਿ ਜਾਵੇ। ਸਾਡੇ ਵਿੱਚੋਂ ਕੁਝ ਪੰਜਾਬੀ ਖ਼ਾਸ ਕਰਕੇ ਸੀਨੀਅਰ ਸਿਟੀਜਨਜ਼ ਵਰਗ ਦੀ ਉਮਰ ਦੇ ਲੋਕ ਅੰਗਰੇਜ਼ੀ ਨੂੰ ਇਕ ਹਊਆ ਸਮਝਦੇ ਹਨ। ਕੁਝ ਹੱਦ ਤਕ ਇਹ ਠੀਕ ਵੀ ਹੈ ਪਰ ਹੁਣ ਉਹ ਗੱਲਾਂ ਨਹੀਂ ਰਹੀਆਂ ਜੋ ਕੁਝ ਦਹਾਕੇ ਪਹਿਲਾਂ ਹੋਇਆ ਕਰਦੀਆਂ ਸਨ। ਪੰਜਾਬੀ ਬਹੁਗਿਣਤੀ ਵਿਚ ਵਿਦੇਸ਼ਾਂ ਨੂੰ ਵਹੀਰਾਂ ਘੱਤ ਰਹੇ ਹਨ। ਵਿਦਿਆਰਥੀਆਂ ਦਾ ਉੱਚ ਸਿਖਿਆ ਵਿਦੇਸ਼ਾਂ ਵਿਚ ਜਾ ਕੇ ਪ੍ਰਾਪਤ ਕਰਨਾ ਵੱਡਾ ਰੁਝਾਨ ਬਣ ਗਿਆ ਹੈ।
ਵਿਦਿਆਰਥੀਆਂ ਦੇ ਉੱਥੇ ਚਲੇ ਜਾਣ ਕਾਰਨ ਉਨ੍ਹਾਂ ਦੇ ਮਾਪਿਆਂ ਨੂੰ ਵਿਦੇਸ਼ ਜਾਣ ਦਾ ਮੌਕਾ ਮਿਲ ਜਾਂਦਾ ਹੈ। ਦੁਨੀਆ ਦੇ ਬਹੁਤ ਸਾਰੇ ਦੇਸ਼ਾਂ ਵਿਚ ਪੰਜਾਬੀ ਚੰਗੇ ਸੈਟਲ ਹੋ ਚੁੱਕੇ ਹਨ। ਉਥੇ ਜਾ ਕੇ ਨਾ ਕੇਵਲ ਉਨ੍ਹਾਂ ਨੇ ਪੈਸਾ ਹੀ ਕਮਾਇਆ ਹੈ ਬਲਕਿ ਪੰਜਾਬੀਅਤ ਦਾ ਮਾਣ ਵੀ ਵਧਾਇਆ ਹੈ। ਵੀਜ਼ਾ ਭਾਵੇਂ ਖ਼ਤਮ ਵੀ ਹੁੰਦਾ ਰਿਹਾ ਤੇ ਵੱਧਦਾ ਵੀ ਰਿਹਾ ਫਿਰ ਵੀ ਲਾਕਡਾਊਨ ਦੇ ਦਿਨਾਂ ਨੂੰ ਛੱਡ ਕੇ ਆਪਣੇ ਪਰਵਾਸੀ ਭਾਈਚਾਰੇ ਵਿਚ ਵਿਚਰਣ ਦਾ ਬਹੁਤ ਮੌਕਾ ਮਿਲਿਆ। ਉਥੇ ਰਹਿੰਦਿਆਂ ਕਦੀ ਮਹਿਸੂਸ ਨਹੀਂ ਸੀ ਹੁੰਦਾ ਕਿ ਅਸੀਂ ਗੋਰਿਆ ਦੀ ਨਗਰੀ, ਜਿੱਥੇ ਲੋਕ ਹਰਲ ਹਰਲ ਕਰਦੇ ਅੰਗਰੇਜ਼ੀ ਬੋਲਦੇ ਹੋਣਗੇ, ਵਿਚ ਰਹਿ ਰਹੇ ਹਾਂ। ਇਹ ਇਕ ਹਊਆ ਸੀ।