ਕੈਨੇਡਾ ਦੀਆਂ ਪਿਛਲੀਆਂ ਚੋਣਾਂ ਵਿਚ ਭਾਰਤੀ ਮੂਲ ਤੇ ਖ਼ਾਸ ਕਰ ਕੇ ਕੈਨੇਡਾ ਵੱਸਦੇ ਪੰਜਾਬੀਆਂ ਨੇ ਆਪਣੇ ਸੁਨਹਿਰੀ ਸੁਫ਼ਨਿਆਂ ਨੂੰ ਟਰੂਡੋ ਦੀ ਸਰਕਾਰ ਵਿਚ ਬੂਰ ਪੈਣ ਦੀ ਆਸ ਨਾਲ ਲਿਬਰਲ ਪਾਰਟੀ ਨੂੰ ਭਾਰੀ ਸਮਰਥਨ ਦੇ ਕੇ ਟਰੂਡੋ ਨੂੰ ਮੁੜ ਪ੍ਰਧਾਨ ਮੰਤਰੀ ਬਣਾਇਆ। ਇਸੇ ਦਰਮਿਆਨ ਪੂਰੀ ਦੁਨੀਆ ਨੂੰ ਕੋਰੋਨਾ ਨੇ ਆਪਣੀ ਜਕੜ ਵਿਚ ਲੈ ਲਿਆ ਤੇ ਦੂਜੇ ਮੁਲਕਾਂ ਵਾਂਗ ਕੈਨੇਡਾ ਵੀ ਆਰਥਿਕ ਲੀਹ ਤੋਂ ਥੱਲੇ ਲਹਿਣ ਲੱਗਾ। ਕਈ ਵਿਦਿਆਰਥੀ ਅਜਿਹੀ ਸਥਿਤੀ ਵਿਚ ਡਿਪਰੈਸ਼ਨ ਦਾ ਸ਼ਿਕਾਰ ਹੋ ਰਹੇ ਹਨ ਤੇ ਕਈ ਵਾਰ ਖ਼ੁਦਕੁਸ਼ੀ ਦੀਆਂ ਘਟਨਾਵਾਂ ਵੀ ਸੁਣਨ ਨੂੰ ਮਿਲਦੀਆਂ ਹਨ। ਮਾਂ-ਪਿਉ ਦੀ ਆਰਥਿਕ ਤੰਗੀ ਤੋਂ ਜਾਣੂ ਪੰਜਾਬ ਤੋਂ ਪੈਸੇ ਮੰਗਵਾ ਨਹੀਂ ਸਕਦੇ।
ਨੌਕਰੀ ਤੋਂ ਜਵਾਬ ਮਿਲਣ ਕਾਰਨ ਤੇ ਬੇਸਮੈਂਟ ਦੇ ਕਿਰਾਏ ਦੀ ਰੋਜ਼ਾਨਾ ਮੰਗ ਤੇ ਖਾਣ-ਪੀਣ ਦੀਆਂ ਵਸਤੂਆਂ ਆਪਣੀ ਸਮਰੱਥਾ ਤੋਂ ਬਾਹਰ ਹੋਣ ਕਾਰਨ ਉਨ੍ਹਾਂ ਦੀ ਜਿੰਦਗੀ ਦਿਨ-ਬ-ਦਿਨ ਭੁੱਖ ਮਰੀ ਕਾਰਨ ਦੁੱਭਰ ਹੁੰਦੀ ਜਾ ਰਹੀ ਹੈ। ਇਸ ਤੋਂ ਇਲਾਵਾ ਪੰਜਾਬੀ ਮੂਲ ਦੇ ਨਿਵਾਸੀ ਕੈਨੇਡਾ ਵਿਚ ਦਿਨ-ਬ-ਦਿਨ ਵਧ ਰਹੀ ਅਪਰਾਧ ਦਰ ਤੋਂ ਸਹਿਮੇ ਹੋਏ ਹਨ। ਆਏ ਦਿਨ ਹੀ ਕਿਸੇ ਐਕਸੀਡੈਂਟ, ਗੋਲ਼ੀਬਾਰੀ ਤੇ ਨਸਲਵਾਦ ਵਿਚ ਪੰਜਾਬੀ ਦੀ ਮੌਤ ਦੀ ਖ਼ਬਰ ਪੰਜਾਬ ਵਿਚ ਬੈਠੇ ਮਾਂ-ਪਿਉ ਤੇ ਰਿਸ਼ਤੇਦਾਰਾਂ ਦੀ ਚਿੰਤਾ ਵਧਾ ਦਿੰਦੀ ਹੈ। ਕੈਨੇਡਾ ਵਿਚ ਇਸ ਵਕਤ ਕਾਨੂੰਨ ਦੀ ਸਥਿਤੀ ਗੰਭੀਰ ਬਣੀ ਹੋਈ ਹੈ। ਪੁਲਸ ਵਾਲੇ ਵੀ ਇਸ ਤੋਂ ਨਹੀਂ ਬਚ ਸਕੇ ਤੇ ਉਨ੍ਹਾਂ ’ਤੇ ਵੀ ਹਮਲੇ ਹੋ ਰਹੇ ਹਨ।