ਪਟਿਆਲਾ ਵਿੱਚ ਦਿਨ ਦਿਹਾੜੇ ਸ਼ਰੇਆਮ 2 ਨੌਜਵਾਨਾਂ ਨੂੰ ਘੇਰ ਕੇ ਉਨ੍ਹਾਂ ਉੱਪਰ ਤੇਜਧਾਰ ਹਥਿਆਰਾਂ ਨਾਲ ਹਮਲਾ ਕੀਤਾ ਗਿਆ। ਇਸ ਹਮਲੇ ਵਿੱਚ ਵਿਆਹ ਸਮਾਗਮ ਵਿਖੇ ਜਾ ਰਹੇ ਦੋ ਨੌਜਵਾਨ ਗੰਭੀਰ ਰੂਪ ਵਿਚ ਜ਼ਖ਼ਮੀ ਹੋ ਗਏ। ਜ਼ਖਮੀਆਂ ਨੂੰ ਇਲਾਜ ਲਈ ਹਸਪਤਾਲ ਦਾਖਲ ਕੀਤਾ ਗਿਆ। ਇਨ੍ਹਾਂ ਵਿਚੋਂ ਇੱਕ ਨੂੰ ਪੀਜੀਆਈ ਅਤੇ ਦੁੱਜੇ ਨੂੰ ਰਜਿੰਦਰਾ ਹਸਪਤਾਲ ਅਤੇ ਵਿੱਚ ਦਾਖਲ ਕਰਵਾਇਆ ਗਿਆ ਹੈ। ਇਸ ਘਟਨਾ ਬਾਰੇ ਪਰਿਵਾਰਕ ਮੈਂਬਰਾਂ ਦਾ ਕਹਿਣਾ ਹੈ ਕਿ ਇਕ ਵਿਆਹ ਸਮਾਗਮ ਵਿੱਚ ਸ਼ਾਮਲ 2 ਨੌਜਵਾਨ ਕਿਸੇ ਕੰਮ ਲਈ ਕਾਰ ਵਿੱਚ ਕਿਸੇ ਕੰਮ ਲਈ ਜਾ ਰਹੇ ਸਨ ਜਦਕਿ ਸੀਸੀਟੀਵੀ ਵਿੱਚ ਕੈਦ ਵੀਡਿਓ ਰਿਕਾਰਡਿੰਗ ਮੁਤਾਬਕ ਇੱਕ ਮੁਹੱਲੇ ਵਿੱਚ ਪਹਿਲਾਂ ਤੋਂ ਹੀ ਕੁਝ ਨੌਜਵਾਨਾਂ ਰਸਤਾ ਰੋਕ ਕੇ ਖੜ੍ਹੇ ਸਨ,
ਜਿਨ੍ਹਾਂ ਨੇ ਇਨ੍ਹਾਂ ਦੀ ਕਾਰ ਨੂੰ ਰੋਕਿਆ ਅਤੇ ਬਾਹਰ ਆਉਣ ਉਤੇ ਇੱਕ ਨੌਜਵਾਨ ਉਤੇ ਹਮਲਾ ਕਰ ਦਿੱਤਾ, ਉਸਨੂੰ ਬਚਾਉਣ ਲਈ ਅੱਗੇ ਆਏ ਦੁੱਜੇ ਨੌਜਵਾਨ ਨੂੰ ਵੀ ਦੋਸ਼ੀਆਂ ਨੇ ਬੁਰੀ ਤਰ੍ਹਾਂ ਕੁੱਟ ਦਿੱਤਾ ਅਤੇ ਉਹ ਬੇਹੋਸ਼ ਹੋ ਗਿਆ। ਇਸ ਹਮਲੇ ਵਿੱਚ 24 ਸਾਲ ਦੇ ਲੜਕੇ ਦੀਪਾਂਸ਼ੂ ਅਤੇ ਰਾਹੁਲ ਬੁਰੀ ਤਰ੍ਹਾਂ ਨਾਲ ਜ਼ਖ਼ਮੀ ਹੋ ਗਏ, ਜਿਨ੍ਹਾਂ ਨੂੰ ਬਾਅਦ ਵਿੱਚ ਇਲਾਜ ਲਈ ਹਸਪਤਾਲ ਦਾਖਲ ਹੋਣਾ ਪਿਆ। ਇਨ੍ਹਾਂ ਨੂੰ ਘੇਰ ਕੇ ਮਾਰਕੁਟਾਈ ਕਰਨ ਵਾਲੇ ਅਤੇ ਉਨ੍ਹਾਂ ਦੇ ਸਾਥੀ ਲਗਭਗ 10 ਲੜਕੇ ਹੋਣ ਦੀ ਸੰਭਾਵਨਾ ਹੈ।
ਇਹ ਮਾਮਲਾ ਪਟਿਆਲਾ ਦੇ ਡਵੀਜ਼ਨਲ ਨੰਬਰ 2 ਵਿੱਚ ਦਰਜ ਕਰ ਲਿਆ ਗਿਆ ਹੈ ਅਤੇ ਪੁਲਿਸ ਤਫਤੀਸ਼ ਸ਼ੁਰੂ ਕਰਕੇ ਸੀਸੀਟੀਵੀ ਤੇ ਹੋਰ ਸਬੂਤ ਹਾਸਿਲ ਕਰ ਰਹੀ ਹੈ। ਇਸ ਸੰਬੰਧੀ ਜਾਣਕਾਰੀ ਦਿੰਦਿਆਂ ਥਾਣਾ ਡਵੀਜ਼ਨ ਨੰਬਰ 2 ਦੇ ਇੰਚਾਰਜ ਗੁਰਸਿਮਰਨ ਬੀਰ ਸਿੰਘ ਗਿੱਲ ਨੇ ਦੱਸਿਆ ਕਿ ਇਸ ਮਾਮਲੇ ਦੀ ਡੂੰਘਾਈ ਨਾਲ ਪੜਤਾਲ ਕੀਤੀ ਜਾਵੇਗੀ ਅਤੇ ਕਿਸੇ ਵੀ ਦੋਸ਼ੀ ਨੂੰ ਬਖਸ਼ਿਆ ਨਹੀਂ ਜਾਵੇਗਾ, ਸਗੋਂ ਉਨ੍ਹਾਂ ਵਿਰੁੱਧ ਬਣਦੀਆਂ ਧਾਰਾਵਾਂ ਅਧੀਨ ਸਜ਼ਾ ਮਿਲੇਗੀ ਅਤੇ ਪੀੜਤਾਂ ਨੂੰ ਇਨਸਾਫ਼ ਦੁਆਇਆ ਜਾਵੇਗਾ।