ਰਾਜਪੁਰਾ- ਅੰਮ੍ਰਿਤਸਰ ਨੈਸ਼ਨਲ ਹਾਈਵੇਅ ’ਤੇ ਵੱਡਾ ਹਾਦਸਾ

Tags


ਜਲੰਧਰ-ਲੁਧਿਆਣਾ ਨੈਸ਼ਨਲ ਹਾਈਵੇਅ ’ਤੇ ਆਉਂਦੇ ਬੜਿੰਗ ਗੇਟ ਦੇ ਕੋਲ ਤੇਜ਼ ਰਫ਼ਤਾਰ ਕੈਂਟਰ ਹੇਠਾਂ ਆਉਣ ਕਾਰਨ ਕੁਚਲੇ ਗਏ ਲਵਲੀ ਯੂਨੀਵਰਸਿਟੀ ਦੇ ਇਕ ਵਿਦਿਆਰਥੀ ਦੀ ਮੌਕੇ ’ਤੇ ਹੀ ਮੌਤ ਹੋ ਗਈ, ਜਿਸ ਦੀ ਪਛਾਣ ਸੋਨੂੰ ਰਾਏ ਵਜੋਂ ਹੋਈ। ਸੋਨੂੰ ਕੈਂਟਰ ਦੇ ਪਿਛਲੇ ਟਾਇਰ ਦੇ ਹੇਠਾਂ ਆ ਗਿਆ ਸੀ ਅਤੇ ਇਸ ਸਬੰਧੀ ਕੈਂਟਰ ਦੇ ਚਾਲਕ ਨੂੰ ਪਤਾ ਵੀ ਨਹੀਂ ਲੱਗਾ। ਕੈਂਟਰ ਫਗਵਾੜਾ ਵੱਲੋਂ ਆ ਰਿਹਾ ਸੀ।



ਮ੍ਰਿਤਕ ਨੌਜਵਾਨ ਦੀ ਉਮਰ 20 ਸਾਲ ਦੇ ਲਗਭਗ ਦੱਸੀ ਜਾ ਰਹੀ ਹੈ ਅਤੇ ਉਹ ਮੂਲ ਤੌਰ ’ਤੇ ਦਿੱਲੀ ਦਾ ਰਹਿਣ ਵਾਲਾ ਸੀ। ਉਹ ਜਲੰਧਰ ਵਿਚ ਥਾਣਾ ਰਾਮਾ ਮੰਡੀ ਵਿਚ ਪੈਂਦੇ ਇਲਾਕੇ ਮੁਸਲਿਮ ਕਾਲੋਨੀ ਨੇੜੇ ਲੰਮਾ ਪਿੰਡ ਚੌਕ ਵਿਚ ਆਪਣੇ ਚਾਚਾ ਦੇ ਘਰ ਰਹਿੰਦਾ ਸੀ। ਹਾਦਸੇ ਸਮੇਂ ਮ੍ਰਿਤਕ ਨੌਜਵਾਨ ਲਵਲੀ ਯੂਨੀਵਰਸਿਟੀ ਤੋਂ ਆਪਣੀ ਬਾਈਕ ’ਤੇ ਆਪਣੇ ਘਰ ਵੱਲ ਆ ਰਿਹਾ ਸੀ ਅਤੇ ਰਸਤੇ ਵਿਚ ਹਾਦਸੇ ਦਾ ਸ਼ਿਕਾਰ ਹੋ ਗਿਆ।


ਮੌਕੇ ’ਤੇ ਮੌਜੂਦ ਲੋਕਾਂ ਨੇ ਐਂਬੂਲੈਂਸ ਦੀ ਮਦਦ ਨਾਲ ਉਸ ਨੂੰ ਰਾਮਾ ਮੰਡੀ ਦੇ ਜੌਹਲ ਹਸਪਤਾਲ ਵਿਚ ਪਹੁੰਚਾਇਆ, ਜਿੱਥੇ ਡਾਕਟਰਾਂ ਨੇ ਉਸਨੂੰ ਮ੍ਰਿਤਕ ਐਲਾਨ ਦਿੱਤਾ।



ਮਾਮਲੇ ਦੀ ਜਾਂਚ ਕਰ ਰਹੇ ਥਾਣਾ ਜਲੰਧਰ ਕੈਂਟ ਦੇ ਐੱਸ. ਆਈ. ਸੁਖਚੈਨ ਸਿੰਘ ਨੇ ਦੱਸਿਆ ਕਿ ਪੁਲਸ ਨੇ ਮੁਲਜ਼ਮ ਕੈਂਟਰ ਚਾਲਕ ਅਫਰੀਕ ਸਿੰਘ ਵਾਸੀ ਏਕਤਾ ਨਗਰ ਰਾਜਪੁਰਾ ਨੂੰ ਕੈਂਟਰ ਸਮੇਤ ਗ੍ਰਿਫ਼ਤਾਰ ਕਰ ਲਿਆ ਹੈ ਅਤੇ ਮ੍ਰਿਤਕ ਸੋਨੂੰ ਦੇ ਪਰਿਵਾਰਕ ਮੈਂਬਰਾਂ ਨੂੰ ਉਸਦੀ ਮੌਤ ਬਾਰੇ ਸੂਚਿਤ ਕਰ ਦਿੱਤਾ ਗਿਆ ਹੈ।


ਉਨ੍ਹਾਂ ਦੇ ਆਉਣ ਤੋਂ ਬਾਅਦ ਹੀ ਬਣਦੀ ਕਾਨੂੰਨੀ ਕਾਰਵਾਈ ਕਰਦਿਆਂ ਮ੍ਰਿਤਕ ਦਾ ਪੋਸਟਮਾਰਟਮ ਕਰਵਾ ਕੇ ਲਾਸ਼ ਪਰਿਵਾਰ ਵਾਲਿਆਂ ਨੂੰ ਸੌਂਪ ਦਿੱਤੀ ਜਾਵੇਗੀ। ਫਿਲਹਾਲ ਲਾਸ਼ ਨੂੰ ਸਿਵਲ ਹਸਪਤਾਲ ਦੀ ਮੋਰਚਰੀ ਵਿਚ ਰਖਵਾ ਦਿੱਤਾ ਗਿਆ ਹੈ।