ਮੈਂ ਤਾਂ ਪੰਜਾਬ ਨੀਂ ਰਹਿਣਾ ਪੰਜਾਬ ਤਾਂ ਨਰਕ ਬਣ ਗਿਆ!

Tags

ਰੋਜ਼ਾਨਾ ਵਿਦੇਸ਼ਾਂ ਨੂੰ ਜਾਂਦੇ ਪੰਜਾਬੀ ਨੌਜਵਾਨਾਂ ਨੂੰ ਵੇਖ ਕੇ ਇੰਝ ਲੱਗਦਾ ਹੈ ਕਿ ਉਹ ਸਮਾਂ ਦੂਰ ਨਹੀਂ, ਜਦੋਂ ਪੰਜਾਬ ਬੁੱਢਿਆਂ ਦਾ ਸੂਬਾ ਵੱਜਣ ਲੱਗ ਜਾਵੇਗਾ। ਪੰਜਾਬ ਦੀ ਜਵਾਨੀ ਧੜਾ-ਧੜ ਵਿਦੇਸ਼ਾਂ ਵੱਲ ਜਾ ਰਹੀ ਹੈ। ਹਰੇਕ ਨੌਜਵਾਨ ਮੁੰਡਾ-ਕੁੜੀ ਹੁਣ 12ਵੀਂ ਤੋਂ ਬਾਅਦ ਆਈਲੈਟਸ ਕਰਨੀ ਸ਼ੁਰੂ ਕਰ ਦਿੰਦਾ ਹੈ। ਆਈਲੈਟਸ ਪਾਸ ਕਰਨ ਤੋਂ ਕੁਝ ਮਹੀਨਿਆਂ ਬਾਅਦ ਹੀ ਉਹ ਪੰਜਾਬ ਨੂੰ ਅਲਵਿਦਾ ਆਖ ਵਿਦੇਸ਼ ਉਡਾਰੀ ਮਾਰ ਜਾਂਦਾ ਹੈ। ਹੁਣ ਪੰਜਾਬ ਦੀ ਜਵਾਨੀ ਦਾ ਇਥੇ ਦਿਲ ਨਹੀਂ ਲੱਗਦਾ ਅਤੇ ਉਹ ਕਿਸੇ ਤਰੀਕੇ ਵਿਦੇਸ਼ੀ ਧਰਤੀ ’ਤੇ ਪਹੁੰਚਣ ਲਈ ਕਾਹਲੇ ਹਨ। ਆਖਰ ਪੰਜਾਬ ਦੀ ਜਵਾਨੀ ਆਪਣੇ ਵਤਨ ਰਹਿਣਾ ਕਿਉਂ ਪਸੰਦ ਨਹੀਂ ਕਰਦੀ।

ਇਹ ਨੌਬਤ ਕਿਉਂ ਆਈ। ਇਹ ਗੰਭੀਰ ਚਿੰਤਾ ਦਾ ਵਿਸ਼ਾ ਹੈ। ਸਾਡਾ ਦੇਸ਼ ਹੁਣ ਦਿਨੋਂ-ਦਿਨ ਨਿਘਾਰ ਵੱਲ ਨੂੰ ਜਾ ਰਿਹਾ ਹੈ, ਜਿਸ ਤੋਂ ਹਰੇਕ ਬੁੱਧੀਜੀਵੀ ਚਿੰਤਤ ਵਿਖਾਈ ਦੇ ਰਿਹਾ ਹੈ। ਪੰਜਾਬ ’ਚ ਹੁਣ ਹਰੇਕ ਮਾਪੇ-ਆਪਣੇ ਲਾਡਲਿਆਂ ਨੂੰ ਵਿਦੇਸ਼ ਭੇਜਣ ਨੂੰ ਕਾਹਲੇ ਹਨ ਕਿਉਂਕਿ ਉਨ੍ਹਾਂ ਨੂੰ ਪੰਜਾਬ ’ਚ ਆਪਣੇ ਬੱਚਿਆਂ ਦਾ ਚੰਗਾ ਭਵਿੱਖ ਨਹੀ’ ਦਿਸ ਰਿਹਾ। ਬਹੁਤੇ ਪਿੰਡਾਂ ’ਚ ਵੱਡੀਆਂ-ਵੱਡੀਆਂ ਕੋਠੀਆਂ ’ਚ ਇਕੱਲੇ ਬਜ਼ੁਰਗ ਹੀ ਰਹਿ ਰਹੇ ਹਨ, ਜਿਨ੍ਹਾਂ ਦੇ ਧੀ-ਪੁੱਤ ਵਿਦੇਸ਼ਾਂ ’ਚ ਹਨ। ਅੱਜ ਪੰਜਾਬ ਤਬਾਹੀ ਦੇ ਕੰਢੇ ’ਤੇ ਖੜ੍ਹੀ ਹੈ, ਇਸ ਨੂੰ ਮੁੜ ਲੀਹ ’ਤੇ ਲਿਆਉਣ ਲਈ ਸਰਕਾਰਾਂ ਨੂੰ ਬੜਾ ਕੁਝ ਕਰਨਾ ਪਵੇਗਾ।