‘ਆਵੇ ਵਤਨ ਪਿਆਰਾ ਚੇਤੇ, ਜਦੋਂ ਖਿੱਚ ਪਾਉਣ ਮੁਹੱਬਤਾਂ ਜੀ।’ ਇਹ ਸਤਰਾਂ ਪੰਜਾਬੀ ਦੀ ਇੱਕ ਕਵਿਤਾ ਦੀਆਂ ਹਨ। ਜੋ ਭਾਰਤ-ਪਾਕਿਸਤਾਨ ਦੀ ਵੰਡ ਤੋਂ ਬਾਅਦ ਲਿਖੀ ਗਈ। ਇਸ ਕਵਿਤਾ ਵਿੱਚ ਲੇਖਕ ਆਪਣੇ ਉਨ੍ਹਾਂ ਦੋਸਤਾਂ ਦਾ ਜ਼ਿਕਰ ਕਰਦਾ ਹੈ, ਜੋ ਮੁਲਕ ਦੀ ਵੰਡ ਸਮੇਂ ਵਿੱਛੜ ਗਏ। ਉਹ ਆਪਣੇ ਦੋਸਤਾਂ ਦੇ ਨਾਮ ਵੀ ਲਿਖਦਾ ਹੈ। ਜਦੋਂ ਬਚਪਨ ਦੇ ਦੋਸਤ ਵਿਛੜ ਜਾਣ ਤਾਂ ਸੱਚਮੁੱਚ ਹੀ ਇਸ ਤਰਾਂ ਮਹਿਸੂਸ ਹੁੰਦਾ ਹੈ, ਜਿਵੇਂ ਆਪਣਾ ਕੁਝ ਗਵਾਚ ਗਿਆ ਹੋਵੇ। ਫੇਰ ਇਨਸਾਨ ਦਾ ਮਨ ਨਹੀਂ ਲੱਗਦਾ। ਮਨ ਚਾਹੁੰਦਾ ਹੈ ਕਿ ਉਡ ਕੇ ਆਪਣਿਆਂ ਕੋਲ ਚਲਾ ਜਾਵੇ।
ਸ਼ਾਇਦ ਇਹ ਮਨ ਹੀ ਹੈ, ਜੋ ਰਫਤਾਰ ਦੇ ਲਿਹਾਜ਼ ਨਾਲ ਸਭ ਨੂੰ ਮਾਤ ਪਾਉੰਦਾ ਹੈ। ਮਨ ਸਕਿੰਟ ਤੋਂ ਵੀ ਘੱਟ ਸਮੇਂ ਵਿੱਚ ਦੁਨੀਆਂ ਦੇ ਇੱਕ ਕੋਨੇ ਤੋਂ ਦੂਸਰੇ ਕੋਨੇ ਤੱਕ ਪਹੁੰਚ ਜਾਂਦਾ ਹੈ। ਸੋਸ਼ਲ ਮੀਡੀਆ ਤੇ ਇੱਕ ਵੀਡੀਓ ਵਾਇਰਲ ਹੋ ਰਹੀ ਹੈ। ਜਿਸ ਵਿੱਚ 2 ਬੱਚੀਆਂ ਮੋਬਾਈਲ ਤੇ ਵੀਡੀਓ ਕਾਲ ਕਰ ਰਹੀਆਂ ਹਨ। ਇਨ੍ਹਾਂ ਵਿੱਚੋਂ ਇੱਕ ਲੜਕੀ ਭਾਰਤ ਵਿੱਚ ਹੈ ਜਦਕਿ ਦੂਜੀ ਲੜਕੀ ਵਿਦੇਸ਼ ਵਿੱਚ ਹੈ। ਵਿਦੇਸ਼ ਵਿੱਚ ਗਈ ਲੜਕੀ ਨੂੰ ਭਾਰਤ ਵਿੱਚ ਰਹਿ ਰਹੀ ਆਪਣੀ ਸਹੇਲੀ ਦੀ ਬਹੁਤ ਯਾਦ ਆਉਂਦੀ ਹੈ ਪਰ ਉਸ ਲਈ ਆਪਣੀ ਸਹੇਲੀ ਨੂੰ ਮਿਲਣਾ ਸੌਖਾ ਨਹੀਂ।
ਜਿਸ ਕਰਕੇ ਉਹ ਭਾਵੁਕ ਹੋ ਜਾਂਦੀ ਹੈ। ਇਸ ਬੱਚੀ ਦੀ ਮਾਨਸਿਕ ਸਥਿਤੀ ਨੂੰ ਉਸ ਦੇ ਪਰਿਵਾਰ ਵਾਲੇ ਸਮਝਦੇ ਹਨ। ਇਨਸਾਨ ਦਾ ਮਨ ਸਦਾ ਹੀ ਆਪਣੇ ਦੋਸਤਾਂ ਮਿੱਤਰਾਂ ਦਾ ਸਾਥ ਮਾਨਣ ਲਈ ਤਰਲੋਮੱਛੀ ਹੁੰਦਾ ਹੈ। ਉਹ ਆਪਣੇ ਦੋਸਤਾਂ ਦੀ ਗੈਰਹਾਜ਼ਰੀ ਕਾਰਨ ਭੀੜ ਵਿੱਚ ਵੀ ਖੁਦ ਨੂੰ ਇਕੱਲਾ ਮਹਿਸੂਸ ਕਰਦਾ ਹੈ। ਬੱਚਿਆਂ ਦੇ ਮਨ ਦੀ ਇਹ ਹਾਲਤ ਹੈ ਕਿ ਜਦੋਂ ਸਕੂਲ ਵਿੱਚ ਛੁੱਟੀ ਹੋਣ ਉਪਰੰਤ ਉਹ ਆਪਣੇ ਘਰ ਆ ਜਾਂਦੇ ਹਨ ਤਾਂ ਵੀ ਉਨ੍ਹਾਂ ਦਾ ਮਨ ਆਪਣੇ ਦੋਸਤਾਂ ਨੂੰ ਮਿਲਣ ਲਈ ਕਰਦਾ ਰਹਿੰਦਾ ਹੈ।
ਸੋਸ਼ਲ ਮੀਡੀਆ ਤੇ ਵਾਇਰਲ ਹੋ ਰਹੀ ਇਸ ਵੀਡੀਓ ਨੇ ਕਈਆਂ ਨੂੰ ਭਾਵੁਕ ਕਰਕੇ ਉਨ੍ਹਾਂ ਦੇ ਬਚਪਨ ਦੇ ਦੋਸਤਾਂ ਦੀ ਯਾਦ ਦਿਵਾਈ ਹੋਵੇਗੀ। ਸੋਸ਼ਲ ਮੀਡੀਆ ਯੂਜ਼ਰ ਵੀਡੀਓ ਨੂੰ ਬਹੁਤ ਪਸੰਦ ਕਰ ਰਹੇ ਹਨ। ਅਜਿਹੀਆਂ ਵੀਡੀਓਜ਼ ਹਰ ਕਿਸੇ ਨੂੰ ਪ੍ਰਭਾਵਿਤ ਕਰਦੀਆਂ ਹਨ। ਇਸ ਵੀਡੀਓ ਨੂੰ ਹੁਣ ਤੱਕ 50 ਹਜ਼ਾਰ ਤੋਂ ਵੱਧ ਲੋਕ ਪਸੰਦ ਕਰ ਚੁੱਕੇ ਹਨ।