ਜੀਪ ਸਣੇ ਨਹਿਰ 'ਚ ਡਿੱਗਾ ਪਰਿਵਾਰ, ਪਤੀ-ਪਤਨੀ ਦੀ ਮੌਤ, ਲੜਕੇ ਨੂੰ ਜਿਉਂਦਾ ਕੱਢਿਆ ਬਾਹਰ

Tags

ਫਾਜ਼ਿਲਕਾ ਦੀ ਗੰਗ ਕਨਾਲ ਨਹਿਰ 'ਚ ਇੱਕ ਜੀਪ ਡਿੱਗਣ ਦਾ ਮਾਮਲਾ ਸਾਹਮਣੇ ਆਇਆ ਹੈ। ਇਸ ਹਾਦਸੇ 'ਚ ਜੀਪ ਸਵਾਰ ਪਤੀ-ਪਤਨੀ ਦੀ ਮੌਤ ਹੋ ਗਈ ,ਜਦਕਿ ਲੜਕੇ ਦਾ ਬਚਾ ਹੋ ਗਿਆ ਹੈ। ਦੱਸਿਆ ਜਾ ਰਿਹਾ ਕਿ ਜੀਪ ਚ ਸਵਾਰ ਪਰਿਵਾਰ ਮੁਕਤਸਰ ਤੋਂ ਆਪਣੇ ਪਿੰਡ ਇਸਲਾਮਵਾਲਾ ਆ ਰਹੇ ਸਨ ਕਿ ਰਾਹ ਵਿੱਚ ਲੱਗਦੀ ਗੰਗ ਕਨਾਲ ਨਹਿਰ ਨੇੜੇ ਇਹ ਹਾਦਸਾ ਵਾਪਰ ਗਿਆ।ਹਾਲਾਂਕਿ ਮੌਕੇ 'ਤੇ ਮੌਜੂਦ ਕੁਝ ਨੌਜਵਾਨਾਂ ਨੇ ਨਹਿਰ ਵਿਚ ਛਾਲ ਮਾਰ ਲੜਕੇ ਨੂੰ ਤਾਂ ਬਚਾ ਲਿਆ ਪਰ ਪਤੀ ਪਤਨੀ ਨੂੰ ਨਹੀਂ ਬਚਾਇਆ ਜਾ ਸਕਿਆ। ਹੁਣ ਮੌਕੇ 'ਤੇ ਪੁਲਿਸ ਪੁੱਜੀ ਹੈ ,ਜਿਨ੍ਹਾਂ ਵੱਲੋਂ ਮਾਮਲੇ ਦੀ ਜਾਂਚ ਕੀਤੀ ਜਾ ਰਹੀ ਹੈ। ਪੁਲਿਸ ਦੇ ਮੁਤਾਬਿਕ ਜੀਪ ਲੜਕਾ ਚਲਾ ਰਿਹਾ ਸੀ। ਹਾਲਾਂਕਿ ਹਾਦਸੇ ਦੇ ਕਾਰਨਾਂ ਦਾ ਹਾਲ਼ੇ ਤੱਕ ਪਤਾ ਨਹੀਂ ਲੱਗ ਪਾਇਆ ਹੈ।

ਫਿਲਹਾਲ ਮ੍ਰਿਤਕਾਂ ਦੀਆਂ ਲਾਸ਼ਾਂ ਨੂੰ ਫਾਜ਼ਿਲਕਾ ਦੇ ਸਰਕਾਰੀ ਹਸਪਤਾਲ ਦੀ ਮੌਰਚਰੀ ਵਿਚ ਪੋਸਟ ਮਾਰਟਮ ਲਈ ਰਖਵਾ ਦਿੱਤਾ ਗਿਆ ਹੈ। ਦੱਸ ਦੇਈਏ ਕਿ ਪੰਜਾਬ 'ਚ ਹਰ ਦਿਨ ਭਿਆਨਕ ਸੜਕ ਹਾਦਸੇ ਵਾਪਰਦੇ ਰਹਿੰਦੇ ਹਨ , ਜਿਸ ਕਾਰਨ ਕਈ ਲੋਕ ਆਪਣੀਆਂ ਜਾਨਾਂ ਗੁਆ ਚੁੱਕੇ ਹਨ। ਇਥੇ ਹਰ ਰੋਜ਼ ਕਈ ਘਰਾਂ ਵਿੱਚ ਸੜਕ ਹਾਦਸੇ ਸੱਥਰ ਵਿਛਾ ਦਿੰਦੇ ਹਨ। ਇਨ੍ਹਾਂ ਹਾਦਸਿਆਂ ਦਾ ਕਾਰਨ ਤੇਜ਼ ਰਫ਼ਤਾਰ, ਨਸ਼ੇ ‘ਚ ਡਰਾਈਵਿੰਗ, ਡਰਾਇਵਰ ਦਾ ਧਿਆਨ ਭਟਕਣਾ, ਟਰੈਫਿਕ ਲਾਈਟਾਂ ਦੀ ਉਲੰਘਣਾ, ਗ਼ਲਤ ਪਾਸੇ ਗੱਡੀ ਚਲਾਉਣੀ, ਰਾਤ ਨੂੰ ਬਿਨਾ ਬੱਤੀਆਂ ਡਰਾਈਵਿੰਗ ਕਰਨੀ, ਗੱਡੀਆਂ ਦੀ ਹਾਲਤ ਠੀਕ ਨਾ ਹੋਣੀ, ਸੜਕਾਂ ‘ਤੇ ਫਿਰਦੇ ਜਾਨਵਰ, ਗ਼ਲਤ ਮੋੜ ਮੁੜਨਾ, ਰੇਸ ਲਾਉਣੀ, ਧੁੰਦ, ਟਾਇਰਾਂ ਦਾ ਫੱਟਣਾ, ਟਾਇਰਾਂ ਵਿੱਚ ਹਵਾ ਘੱਟ ਹੋਣਾ, ਸੜਕਾਂ ‘ਤੇ ਗ਼ਲਤ ਪਾਰਕਿੰਗ ਆਦਿ ਸੜਕ ਹਾਦਸਿਆਂ ਦੇ ਕਈ ਕਾਰਨ ਹੁੰਦੇ ਹਨ।