ਪੰਜਾਬ ਸਰਕਾਰ ਨੇ ਬੱਸਾਂ ਤੇ ਸਫਰ ਕਰਨ ਵਾਲੇ ਸਾਰੇ ਯਾਤਰੀਆਂ ਲਈ ਕਰ ਦਿੱਤਾ ਵੱਡਾ ਐਲਾਨ

Tags

ਪੰਜਾਬ ਸਰਕਾਰ ਵੱਲੋਂ ਜਨਤਕ ਟਰਾਂਸਪੋਰਟ ਪ੍ਰਣਾਲੀ ਦੀ ਕਾਰਜਕੁਸ਼ਲਤਾ ਵਧਾਉਣ ਅਤੇ ਸੂਬੇ ਵਿੱਚ ਸਾਰੇ ਵਾਹਨਾਂ ਦੀ ਨਿਗਰਾਨੀ ਦੇ ਮੱਦੇਨਜ਼ਰ ਪਹਿਲੀ ਅਗਸਤ ਤੋਂ ਸਾਰੇ ਯਾਤਰੀ ਸੇਵਾ ਵਾਹਨਾਂ ’ਤੇ ਵਹੀਕਲ ਲੋਕੇਸ਼ਨ ਟਰੈਕਿੰਗ ਡਿਵਾਈਸ ਸਿਸਟਮ ਸ਼ੁਰੂ ਕੀਤਾ ਜਾਵੇਗਾ। ਸ਼ੁਰੂਆਤੀ ਸਮੇਂ ਵਿੱਚ ਇਹ ਸਿਸਟਮ ਬੱਸਾਂ, ਮਿਨੀ ਬੱਸਾਂ ਤੇ ਟੈਕਸੀਆਂ ਵਿੱਚ ਲਗਾਇਆ ਜਾਵੇਗਾ। ਇਸ ਦੇ ਨਾਲ ਹੀ ਸੂਬਾ ਸਰਕਾਰ ਨੇ ‘ਇਕ ਬੱਸ ਇਕ ਪਰਮਿਟ’ ਨੂੰ ਵਾਹਨ ਪੋਰਟਲ ਨਾਲ ਜੋੜਨ ਦਾ ਫ਼ੈਸਲਾ ਵੀ ਕੀਤਾ ਹੈ। ਉਨ੍ਹਾਂ ਕਿਹਾ ਕਿ ਡਿਫਾਲਟਰਾਂ ਤੋਂ ਟੈਕਸ ਵਸੂਲੀ ਦਾ ਅਮਲ ਹੋਰ ਤੇਜ਼ ਕੀਤਾ ਜਾਵੇਗਾ।

ਕੈਬਨਿਟ ਮੰਤਰੀ ਦੀ ਅਗਵਾਈ ਹੇਠ ਹੋਈ ਮੀਟਿੰਗ ਵਿੱਚ ਵੈੱਬ ਪੋਰਟਲ ’ਤੇ ਸੰਯੁਕਤ ਸਮਾਂ ਸਾਰਣੀ ਅਪਲੋਡ ਕਰਨ ਦਾ ਵੀ ਫ਼ੈਸਲਾ ਵੀ ਕੀਤਾ ਗਿਆ। ਇਸ ਦੇ ਨਾਲ ਹੀ ਟਿੱਪਰ ਜਾਂ ਟਰੱਕ ਤੇ ਹੋਰ ਭਾਰੀ ਵਾਹਨਾਂ ਦੇ ਪਿਛਲੇ ਪਾਸੇ ਲੋਹੇ ਦੀ ਰਾਡ ਫਿੱਟ ਕਰਨੀ ਵੀ ਲਾਜ਼ਮੀ ਕੀਤੀ ਗਈ ਹੈ। ਟਰਾਂਸਪੋਰਟ ਮੰਤਰੀ ਲਾਲਜੀਤ ਸਿੰਘ ਭੁੱਲਰ ਨੇ ਚੰਡੀਗੜ੍ਹ ਵਿੱਚ ਰਿਜਨਲ ਟਰਾਂਸਪੋਰਟ ਅਥਾਰਟੀਆਂ ਦੇ ਦਫਤਰਾਂ ਦੇ ਕੰਮਕਾਜ ਦੀ ਸਮੀਖਿਆ ਮੀਟਿੰਗ ਦੌਰਾਨ ਸਾਰੇ ਪਰਮਿਟ ਧਾਰਕਾਂ ਨੂੰ ਵਾਹਨ ਪੋਰਟਲ ’ਤੇ ਮੋਟਰ ਵਾਹਨ ਟੈਕਸ ਕਰਾਉਣ ਦੀ ਅਪੀਲ ਕੀਤੀ।

ਉਨ੍ਹਾਂ ਸਾਰੇ ਅਧਿਕਾਰੀਆਂ ਨੂੰ ਨਿਰਦੇਸ਼ ਦਿੱਤੇ ਕਿ ਵਾਹਨ ਪੋਰਟਲ ’ਤੇ ‘ਇਕ ਬੱਸ ਇਕ ਪਰਮਿਟ’ ਲਾਗੂ ਹੋਣ ਪਿੱਛੋਂ ਓਟੀਪੀ ਸਿਸਟਮ ਨੂੰ ਬੰਦ ਕਰ ਦਿੱਤਾ ਜਾਵੇ। ਉਨ੍ਹਾਂ ਕਿਹਾ ਕਿ ਅਜਿਹੇ ਕਿਸੇ ਵੀ ਵਾਹਨ ਨੂੰ ਐਮਵੀਆਈ ਵੱਲੋਂ ਪਾਸ ਨਾ ਕੀਤਾ ਜਾਵੇ, ਜਿਸ ’ਤੇ ਲੋਹੇ ਦੀ ਰਾਡ ਫਿੱਟ ਨਾ ਹੋਵੇ। ਉਨ੍ਹਾਂ ਸਬੰਧਤ ਆਰਟੀਏ ਸਕੱਤਰ ਵੱਲੋਂ ਸਾਰੇ ਅੰਤਰਰਾਜੀ ਨਾਕਿਆਂ ਦਾ ਨਿਯਮਤ ਰੂਪ ਨਾਲ ਨਿਰੀਖਣ ਕਰਨ ਦੇ ਵੀ ਆਦੇਸ਼ ਦਿੱਤੇ।