ਵਿਧਾਇਕ ਸੁਖਪਾਲ ਖਹਿਰਾ ਨੇ ਕਿਹਾ ਕਿ ਪੰਜਾਬ ਸਰਕਾਰ ਭਰਤੀਆਂ ਦੀ ਪ੍ਰਕਿਰਿਆ ਤੇਜ਼ ਕਰੇ ਅਤੇ ਉਮਰ ਹੱਦ ਟਪਾ ਚੁੱਕੇ ਨੌਜਵਾਨਾਂ ਨੂੰ ਉਮਰ ਹੱਦ ਵਿਚ ਛੋਟ ਦੇਵੇ। ਕਾਂਗਰਸੀ ਵਿਧਾਇਕ ਪਰਗਟ ਸਿੰਘ ਨੇ ਨੌਕਰੀਆਂ ਵਿਚ ਗੈਰ ਪੰਜਾਬੀਆਂ ਦੇ ਦਾਖਲੇ ਨੂੰ ਰੋਕੇ ਜਾਣ ਦਾ ਮਾਮਲਾ ਚੁੱਕਿਆ। ਉਨ੍ਹਾਂ ਕਿਹਾ ਕਿ ਪੰਜਾਬ ਦੇ ਨੌਜਵਾਨਾਂ ਦੇ ਹੱਕਾਂ ’ਤੇ ਡਾਕਾ ਮਾਰਿਆ ਜਾ ਰਿਹਾ ਹੈ। ਬਾਵਾ ਹੈਨਰੀ ਨੇ ਕੇਂਦਰ ਸਰਕਾਰ ਵੱਲੋਂ ਖੇਤੀ ਮਸ਼ੀਨਰੀ ਤੇ ਜੀਐਸਟੀ ’ਚ ਕੀਤੇ ਵਾਧੇ ’ਤੇ ਇਤਰਾਜ਼ ਜਤਾਇਆ ਜਦੋਂਕਿ ਰਾਜਪੁਰਾ ਦੀ ਵਿਧਾਇਕਾ ਨੀਨਾ ਮਿੱਤਲ ਨੇ ਰਾਜਪੁਰਾ ਦੇ ਪਟੇਲ ਕਾਲਜ ਦਾ ਮੁੱਦਾ ਚੁੱਕਿਆ। ਪੰਚਾਇਤਾਂ ਦੀਆਂ ਗਰਾਂਟਾਂ ਰੋਕੇ ਜਾਣ ’ਤੇ ਵੀ ਸਦਨ ਵਿਚ ਰੌਲਾ ਪਿਆ।
ਵਿਧਾਇਕ ਸੁਖਬਿੰਦਰ ਸਿੰਘ ਸਰਕਾਰੀਆ ਨੇ ਕਿਹਾ ਕਿ ਸਰਕਾਰ ਨੇ ਕਾਂਗਰਸ ਸਰਕਾਰ ਵੱਲੋਂ ਦਿੱਤੀਆਂ ਗਰਾਂਟਾਂ ਰੋਕ ਦਿੱਤੀਆਂ ਹਨ। ਪੰਚਾਇਤ ਮੰਤਰੀ ਕੁਲਦੀਪ ਸਿੰਘ ਧਾਲੀਵਾਲ ਨੇ ਕਿਹਾ ਕਿ ਸਾਲ 2021-22 ਦੀਆਂ ਗਰਾਂਟਾਂ ਨਾ ਵਰਤਣ ਦੇ ਹੁਕਮ ਜਾਰੀ ਕੀਤੇ ਸਨ। ਵਿਧਾਇਕ ਅਰੁਣਾ ਚੌੌਧਰੀ ਨੇ ਪੰਚਾਇਤਾਂ ਦੀ ਥਾਂ ਪ੍ਰਬੰਧਕ ਪ੍ਰਥਾ ਚਲਾਏ ਜਾਣ ’ਤੇ ਸਰਕਾਰ ਦੀ ਖਿਚਾਈ ਕੀਤੀ। ਪੰਚਾਇਤ ਮੰਤਰੀ ਧਾਲੀਵਾਲ ਨੇ ਕਿਹਾ ਕਿ ਜਿਥੇ ਪੰਚਾਇਤਾਂ ਦਾ ਕੋਰਮ ਪੂਰਾ ਨਹੀਂ ਹੈ, ਉਥੇ ਵਿਕਾਸ ਦੇ ਕੰਮ ਚਲਾਉਣ ਲਈ ਪ੍ਰਬੰਧਕ ਲਗਾਏ ਜਾਂਦੇ ਹਨ|