ਬੇਸ਼ੱਕ ਭਾਰਤ ਸਰਕਾਰ ਵੱਲੋਂ ਸ਼ਿਕਾਇਤ ਕਰਨ 'ਤੇ ਮਰਹੂਮ ਗਾਇਕ ਸਿੱਧੂ ਮੂਸੇਵਾਲਾ ਦੇ ਚਰਚਿਤ ਗੀਤ ਐੱਸ.ਵਾਈ.ਐੱਲ. 'ਤੇ ਯੂ-ਟਿਊਬ 'ਤੇ ਰੋਕ ਲਗਾ ਦਿੱਤੀ ਗਈ ਹੈ ਪਰ ਇਸ ਗੀਤ ਦੇ ਰਿਲੀਜ਼ ਤੋਂ ਪਹਿਲਾਂ ਹੀ ਇਸ ਗਾਣੇ ਨੂੰ ਲੀਕ ਕੀਤੇ ਜਾਣ 'ਤੇ ਸਿੱਧੂ ਮੂਸੇਵਾਲਾ ਦੇ ਪਿਤਾ ਬਲਕੌਰ ਸਿੰਘ ਦੇ ਬਿਆਨਾਂ 'ਤੇ ਥਾਣਾ ਸਦਰ ਮਾਨਸਾ ਦੀ ਪੁਲਸ ਨੇ ਅਣਪਛਾਤੇ ਵਿਅਕਤੀਆਂ 'ਤੇ ਮਾਮਲਾ ਦਰਜ ਕਰ ਲਿਆ ਹੈ। ਇਹ ਗੀਤ ਕਿਵੇਂ ਲੀਕ ਹੋਇਆ ਅਤੇ ਇਸ ਪਿੱਛੇ ਕੀ ਇੱਛਾ ਸੀ, ਇਸ ਤਰ੍ਹਾਂ ਦੇ ਤੱਥ ਅਜੇ ਸਾਹਮਣੇ ਨਹੀਂ ਆਏ। ਮਰਹੂਮ ਗਾਇਕ ਦੀ ਮਾਤਾ ਚਰਨ ਕੌਰ, ਜੋ ਪਿੰਡ ਮੂਸਾ ਦੇ ਮੌਜੂਦਾ ਸਰਪੰਚ ਵੀ ਹਨ,
ਨੇ ਕਿਹਾ ਕਿ ਅਜਿਹੀ ਸ਼ਰਾਰਤ ਕਰਨ ਵਾਲਾ ਮੁਆਫ਼ੀ ਯੋਗ ਤਾਂ ਨਹੀਂ ਹੁੰਦਾ ਪਰ ਫਿਰ ਵੀ ਇਕ ਵਾਰ ਉਸ ਨੂੰ ਬਖਸ਼ਿਆ ਤਾਂ ਜਾਵੇ ਪਰ ਲੋਕਾਂ ਸਾਹਮਣੇ ਫਿਰ ਵੀ ਉਸ ਨੂੰ ਜੱਗ ਜ਼ਾਹਿਰ ਕਰਨਾ ਚਾਹੀਦਾ ਹੈ ਤਾਂ ਜੋ ਸਭ ਨੂੰ ਉਸ ਦੇ ਕਾਰੇ ਦਾ ਪਤਾ ਲੱਗ ਸਕੇ। ਪਤਾ ਲੱਗਾ ਹੈ ਕਿ ਇਹ ਗੀਤ ਰਿਲੀਜ਼ ਹੋਣ ਤੋਂ ਪਹਿਲਾਂ ਹੀ ਕਿਸੇ ਭੇਤੀ ਵੱਲੋਂ 20 ਜੂਨ ਨੂੰ ਹੀ ਲੀਕ ਕੀਤਾ ਗਿਆ ਹੈ। ਪਰਚਾ ਦਰਜ ਹੋਣ ਤੋਂ ਬਾਅਦ ਸਿੱਧੂ ਮੂਸੇਵਾਲਾ ਦੇ ਪਿਤਾ ਨੇ ਕਿਹਾ ਕਿ ਉਂਝ ਤਾਂ ਅਜਿਹਾ ਕਰਨ ਵਾਲੇ ਵਿਅਕਤੀ ਨੂੰ ਉਹ ਇਕ ਵਾਰ ਮੁਆਫ਼ ਕਰ ਬੈਠੇ ਹਨ ਪਰ ਜੇ ਉਹ ਵਿਅਕਤੀ ਭਵਿੱਖ ਵਿੱਚ ਵੀ ਅਜਿਹਾ ਕਰੇਗਾ ਤਾਂ ਉਸ ਨਾਲ ਕੋਈ ਲਿਹਾਜ਼ ਨਹੀਂ ਕੀਤਾ ਜਾਵੇਗਾ।