ਮੁੱਖ ਮੰਤਰੀ ਭਗਵੰਤ ਮਾਨ ਨੇ ਸਮੂਹ ਡਿਪਟੀ ਕਮਿਸ਼ਨਰਾਂ ਨੂੰ ਹਦਾਇਤਾਂ ਦਿੱਤੀਆਂ ਹਨ ਕਿ ਮੰਡੀਆਂ ਵਿੱਚ ਪੁਖ਼ਤਾ ਖਰੀਦ ਪ੍ਰਬੰਧ ਹੋਣ। ਇਸ ਦੇ ਨਾਲ ਹੀ 24 ਘੰਟਿਆਂ ’ਚ ਫ਼ਸਲ ਦੀ ਅਦਾਇਗੀ ਹੋਵੇ। ਉਨ੍ਹਾਂ ਕਿਹਾ ਹੈ ਕਿ ਕਿਸਾਨਾਂ ਨੂੰ ਕੋਈ ਦਿੱਕਤ ਪੇਸ਼ ਨਾ ਆਵੇ। ਡੀਜੀਪੀ ਵੀ ਕੇ ਭਾਵੜਾ ਨੇ ਕਿਹਾ ਕਿ ਗੈਰਕਾਨੂੰਨੀ ਢੰਗ ਨਾਲ ਹੋਣ ਵਾਲੀ ਕਣਕ ਦੀ ਢੋਆ-ਢੁਆਈ ਰੋਕਣ ਲਈ 132 ਨਾਕੇ ਲਾਏ ਜਾ ਰਹੇ ਹਨ। ਇਨ੍ਹਾਂ ਵਿੱਚੋਂ 86 ਅੰਤਰਰਾਜੀ ਨਾਕੇ ਹਨ ਜਦੋਂਕਿ 46 ਸੂਬੇ ਦੇ ਅੰਦਰ ਲਾਏ ਗਏ ਹਨ, ਜਿਨ੍ਹਾਂ ’ਤੇ ਕੁੱਲ 1150 ਪੁਲਿਸ ਮੁਲਾਜ਼ਮ ਤਾਇਨਾਤ ਹਨ। ਉਨ੍ਹਾਂ ਦੱਸਿਆ ਕਿ ਪੁਲਿਸ ਨਾਕਿਆਂ ਦੀ ਨਿਗਰਾਨੀ ਲਈ ਏਡੀਜੀਪੀ ਐਮ ਐਫ ਫਾਰੂਕੀ ਨੂੰ ਤਾਇਨਾਤ ਕੀਤਾ ਹੈ।
ਇਸ ਤੋਂ ਇਲਾਵਾ ਸਾਰੇ ਜ਼ਿਲ੍ਹਿਆਂ ਵਿੱਚ ਐਸਪੀ ਤੇ ਡੀਐਸਪੀ ਰੈਂਕ ਦੇ ਸੀਨੀਅਰ ਪੁਲਿਸ ਅਧਿਕਾਰੀਆਂ ਨੂੰ ਇਸ ਕੰਮ ਵਿੱਚ ਲਾਇਆ ਗਿਆ ਹੈ। ਮੁੱਖ ਮੰਤਰੀ ਨੇ ਸੋਮਵਾਰ ਨੂੰ ਸੂਬੇ ’ਚ ਕਣਕ ਦੇ ਖ਼ਰੀਦ ਪ੍ਰਬੰਧਾਂ ਦਾ ਜਾਇਜ਼ਾ ਲੈਂਦਿਆਂ ਡੀਜੀਪੀ ਨੂੰ ਗੁਆਂਢੀ ਸੂਬਿਆਂ ਤੋਂ ਕਣਕ ਦੀ ਗੈਰ-ਕਾਨੂੰਨੀ ਢੰਗ ਨਾਲ ਹੁੰਦੀ ਢੋਆ-ਢੁਆਈ ਰੋਕਣ ਲਈ 24 ਘੰਟੇ ਨਾਕੇ ਲਗਾਉਣ ਦੇ ਆਦੇਸ਼ ਦਿੱਤੇ। ਉਨ੍ਹਾਂ ਕਿਹਾ ਕਿ ਕੁਝ ਬੇਈਮਾਨ ਵਪਾਰੀ ਕਣਕ ਨੂੰ ਸੂਬਾ ਭਰ ਦੀਆਂ ਮੰਡੀਆਂ ਵਿੱਚ ਘੱਟੋ-ਘੱਟ ਸਮਰਥਨ ਮੁੱਲ ’ਤੇ ਵੇਚਣ ਲਈ ਚੋਰੀ-ਛਿਪੇ ਲਿਆਉਂਦੇ ਹਨ। ਉਨ੍ਹਾਂ ਡੀਜੀਪੀ ਨੂੰ ਕਿਹਾ ਕਿ ਉਹ ਸੀਜ਼ਨ ਦੇ ਅਖੀਰ ਤੱਕ ਇਨ੍ਹਾਂ ਨਾਕਿਆਂ ’ਤੇ 24 ਘੰਟੇ ਵੀਡੀਓਗ੍ਰਾਫੀ ਲਈ ਵੀ ਟੀਮਾਂ ਤਾਇਨਾਤ ਕਰਨ।
ਮੀਟਿੰਗ ਦੌਰਾਨ ਸਕੱਤਰ ਖ਼ੁਰਾਕ ਤੇ ਸਿਵਲ ਸਪਲਾਈ ਗੁਰਕੀਰਤ ਕਿਰਪਾਲ ਸਿੰਘ ਨੇ ਦੱਸਿਆ ਕਿ ਖੇਤੀਬਾੜੀ ਵਿਭਾਗ ਦੇ ਅਨੁਮਾਨ ਅਨੁਸਾਰ 135 ਲੱਖ ਮੀਟਰਿਕ ਟਨ ਕਣਕ ਲਈ ਪਹਿਲਾਂ ਹੀ ਪੁਖਤਾ ਪ੍ਰਬੰਧ ਕੀਤੇ ਜਾ ਚੁੱਕੇ ਹਨ। ਮੁੱਖ ਮੰਤਰੀ ਨੇ ਸਕੱਤਰ ਨੂੰ ਕਿਹਾ ਕਿ ਉਹ ਡਿਪਟੀ ਕਮਿਸ਼ਨਰਾਂ ਨੂੰ ਵਿਸਥਾਰਤ ਨਿਰਦੇਸ਼ ਜਾਰੀ ਕਰਨ ਕਿ ਉਹ ਵੱਖ-ਵੱਖ ਖਰੀਦ ਏਜੰਸੀਆਂ ਦੇ ਜ਼ਿਲ੍ਹਾ ਮੈਨੇਜਰਾਂ, ਖੁਰਾਕ ਤੇ ਸਿਵਲ ਸਪਲਾਈ ਦੇ ਅਧਿਕਾਰੀਆਂ ਅਤੇ ਕਿਸਾਨਾਂ ਦੇ ਸਥਾਨਕ ਨੁਮਾਇੰਦਿਆਂ ਨਾਲ-ਨਾਲ ਸਲਾਹ-ਮਸ਼ਵਰਾ ਕਰਕੇ ਆਪੋ-ਆਪਣੇ ਜ਼ਿਲ੍ਹਿਆਂ ’ਚ ਖ਼ਰੀਦ ਦੀ ਪ੍ਰਗਤੀ ’ਤੇ ਨਜ਼ਰ ਰੱਖਣ ਲਈ ਨਿਯਮਤ ਤੌਰ ’ਤੇ ਮੰਡੀਆਂ ਦਾ ਦੌਰਾ ਕਰਦੇ ਰਹਿਣ।