ਜਨਤਾ ਦੇ ਪੈਸੇ ਦੀ ਸਹੀ ਵਰਤੋਂ ਨੂੰ ਲੈ ਕੇ ਮੁੱਖ ਮੰਤਰੀ ਭਗਵੰਤ ਮਾਨ ਨੇ ਵੱਡਾ ਫੈਸਲਾ ਕੀਤਾ ਹੈ। ਇਸ ਲਈ ਭਗਵੰਤ ਮਾਨ ਨੇ ਸਖਤ ਹਦਾਇਤਾਂ ਦਿੱਤੀਆਂ ਹਨ। ਇਸ ਦੇ ਨਾਲ ਹੀ ਵਿਧਾਇਕਾਂ ਦੀ ਪੈਨਸ਼ਨ ਫਾਰਮੂਲੇ 'ਚ ਬਦਲਾਅ ਹੋਵੇਗਾ। ਵਿਧਾਇਕਾਂ ਨੂੰ ਹੁਣ ਸਿਰਫ ਇੱਕ ਵਾਰੀ ਪੈਨਸ਼ਨ ਮਿਲੇਗੀ। ਹੁਣ ਤੱਕ ਜਿੰਨੀ ਵਾਰ ਵਿਧਾਇਕ ਬਣਦੇ ਸੀ, ਉਨ੍ਹਾਂ ਲਈ ਓਨੀ ਵਾਰ ਹੀ ਪੈਨਸ਼ਨ ਦੀ ਰਕਮ ਜੋੜੀ ਜਾਂਦੀ ਸੀ। ਇੱਕ ਵਾਰੀ ਵਿਧਾਇਕ ਰਹਿਣ ਵਾਲੇ ਨੂੰ ਪੰਜਾਬ ’ਚ 75,150 ਰੁਪਏ ਪੈਨਸ਼ਨ ਮਿਲਦੀ ਹੈ। ਜੇਕਰ ਕੋਈ ਦੋ ਵਾਰ ਵਿਧਾਇਕ ਰਹਿ ਜਾਂਦਾ ਹੈ ਤਾਂ ਉਸ ਨੂੰ 1.25 ਲੱਖ ਰੁਪਏ ਪ੍ਰਤੀ ਮਹੀਨਾ ਪੈਨਸ਼ਨ ਮਿਲਦੀ ਹੈ। ਹਰ ਇੱਕ ਟਰਮ ਵਿਚ 50 ਹਜ਼ਾਰ ਰੁਪਏ ਦਾ ਵਾਧਾ ਜੁੜਦਾ ਹੈ ਜੋ ਕਰੀਬ 66 ਫ਼ੀਸਦੀ ਬਣਦਾ ਹੈ।
ਬੇਸ਼ੱਕ ਸਾਬਕਾ ਮੁੱਖ ਮੰਤਰੀ ਪ੍ਰਕਾਸ਼ ਸਿੰਘ ਬਾਦਲ ਨੇ ਪੈਨਸ਼ਨ ਲੈਣ ਤੋਂ ਇਨਕਾਰ ਕਰ ਦਿੱਤਾ ਹੈ ਪਰ ਉਹ 10 ਵਾਰੀ ਵਿਧਾਇਕ ਰਹੇ ਹੋਣ ਕਰਕੇ 5.25 ਲੱਖ ਰੁਪਏ ਦੀ ਪੈਨਸ਼ਨ ਦੇ ਹੱਕਦਾਰ ਹਨ। ਦੱਸ ਦਈਏ ਕਿ ਪੰਜਾਬ ਵਿੱਚ ਇੱਕ ਵਾਰ ਵਿਧਾਇਕ ਰਹਿਣ ਵਾਲੇ ਨੂੰ 75,150 ਰੁਪਏ ਪੈਨਸ਼ਨ ਮਿਲਦੀ ਹੈ ਤੇ ਹਰ ਮਿਆਦ ਲਈ ਲਗਪਗ 50,000 ਰੁਪਏ ਦਾ ਵਾਧਾ ਜੁੜਦਾ ਹੈ। ਪੰਜਾਬ ਦੇ ਕਈ ਵਿਧਾਇਕ ਢਾਈ ਲੱਖ ਰੁਪਏ ਮਾਸਕ ਤੋਂ ਜ਼ਿਆਦਾ ਪੈਨਸ਼ਨ ਲੈ ਰਹੇ ਹਨ। ਸੂਬੇ ਦੇ ਕਿਸੇ ਸਾਬਕਾ ਸਰਬਉੱਚ ਅਧਿਕਾਰੀ ਨੂੰ ਵੱਧ ਤੋਂ ਵੱਧ ਪੈਨਸ਼ਨ (ਮਹਿੰਗਾਈ ਭੱਤਾ ਪਾ ਕੇ) ਡੇਢ ਲੱਖ ਰੁਪਏ ਤੋਂ ਜ਼ਿਆਦਾ ਨਹੀਂ ਮਿਲਦੀ।
ਦਿਲਚਸਪ ਹੈ ਕਿ ਸਾਬਕਾ ਮੁੱਖ ਮੰਤਰੀ ਬੀਬੀ ਰਜਿੰਦਰ ਕੌਰ ਭੱਠਲ, ਮੰਡੀ ਬੋਰਡ ਦੇ ਚੇਅਰਮੈਨ ਲਾਲ ਸਿੰਘ ਤੇ ਸਾਬਕਾ ਮੰਤਰੀ ਸਰਵਣ ਸਿੰਘ ਫਿਲੌਰ ਛੇ-ਛੇ ਵਾਰ ਵਿਧਾਇਕ ਰਹੇ ਹਨ ਜਿਸ ਕਰਕੇ ਉਨ੍ਹਾਂ ਦੀ ਪੈਨਸ਼ਨ 3.25 ਲੱਖ ਰੁਪਏ ਪ੍ਰਤੀ ਮਹੀਨਾ ਬਣਦੀ ਹੈ। ਇਹ ਫ਼ੈਸਲਾ ਲਾਗੂ ਹੋਣ ਨਾਲ ਬੀਬੀ ਭੱਠਲ ਨੂੰ 3.25 ਲੱਖ ਦੀ ਥਾਂ ’ਤੇ 75,150 ਰੁਪਏ ਹੀ ਪੈਨਸ਼ਨ ਮਿਲੇਗੀ। ਬਲਵਿੰਦਰ ਸਿੰਘ ਭੂੰਦੜ ਪੰਜ ਵਾਰ ਵਿਧਾਇਕ ਰਹੇ ਹਨ ਤੇ ਉਨ੍ਹਾਂ ਨੂੰ ਬਤੌਰ ਸਾਬਕਾ ਵਿਧਾਇਕ ਪੌਣੇ ਤਿੰਨ ਲੱਖ ਰੁਪਏ ਪ੍ਰਤੀ ਮਹੀਨਾ ਪੈਨਸ਼ਨ ਮਿਲਦੀ ਹੈ ਜਦਕਿ ਸੁਖਦੇਵ ਸਿੰਘ ਢੀਂਡਸਾ ਨੂੰ ਸਵਾ ਦੋ ਲੱਖ ਰੁਪਏ ਪੈਨਸ਼ਨ ਮਿਲਦੀ ਹੈ। ਪੰਜਾਬ ਦੇ ਇਸ ਵੇਲੇ 325 ਸਾਬਕਾ ਵਿਧਾਇਕ ਹਨ ਜਿਨ੍ਹਾਂ ਨੂੰ ਪੈਨਸ਼ਨ ਮਿਲ ਰਹੀ ਹੈ ਜਾਂ ਮਿਲਣੀ ਹੈ।