ਭਗਵੰਤ ਮਾਨ ਦੇ ਸਹੁੰ ਚੁੱਕ ਸਮਾਗਮ ਲਈ ਉਨ੍ਹਾਂ ਦੇ ਦੋਨੋ ਬੱਚੇ ਧੀ ਸੀਰਤ ਕੌਰ ਮਾਨ (21) ਅਤੇ ਬੇਟਾ ਦਿਲਸ਼ਾਨ ਮਾਨ (17) ਵੀ ਪਹੁੰਚ ਰਹੇ ਹਨ। ਇੰਡਿਯਨ ਐਕਸਪ੍ਰੈੱਸ ਦੀ ਖ਼ਬਰ ਮੁਤਾਬਿਕ ਉਹ ਅਮਰੀਕਾ ਤੋਂ ਇਸ ਸਮਾਗਮ ਵਿੱਚ ਸ਼ਿਰਕਤ ਕਰਨ ਲਈ ਪਹੁੰਚ ਰਹੇ ਹਨ। ਭਗਵੰਤ ਮਾਨ ਕਰੀਬ ਕਰੀਬ 12:30 ਵਜੇ ਮੁੱਖ ਮੰਤਰੀ ਵੱਜੋਂ ਹਲਫ਼ ਲੈਣਗੇ। ਇਸ ਪ੍ਰੋਗਰਾਮ ਵਿੱਚ ਆਪ ਦੇ ਸੁਪਰੀਮੋ ਤੇ ਦਿੱਲੀ ਦੇ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ ਵੀ ਸ਼ਾਮਲ ਹੋਣਗੇ। ਭਗਵੰਤ ਮਾਨ, ਕੇਜਰੀਵਾਲ ਦੇ ਨਾਲ ਹੀ ਮੁਹਾਲੀ ਤੋਂ ਕਰੀਬ 10 ਵਜੇ ਰਵਾਨਾ ਹੋਣਗੇ। ਭਗਵੰਤ ਮਾਨ ਅਤੇ ਉਨ੍ਹਾਂ ਦੀ ਪਤਨੀ ਇੰਦਰਪ੍ਰੀਤ ਕੌਰ 2015 'ਚ ਅਲੱਗ ਹੋ ਗਏ ਸਨ ਅਤੇ ਤਲਾਕ਼ ਲੈਣ ਲਈ ਅਰਜ਼ੀ ਦਿੱਤੀ ਸੀ।
ਇਸ ਤੋਂ ਬਾਅਦ ਦੋਨੋ ਬੱਚੇ ਇੰਦਰਪ੍ਰੀਤ ਨਾਲ ਅਮਰੀਕਾ ਰਹਿਣ ਲੱਗ ਪਏ ਸਨ। 2014 ਵਿੱਚ ਭਗਵੰਤ ਮਾਨ ਲਈ ਲੋਕ ਸਭਾ ਚੋਣਾਂ ਚ ਇੰਦਰਪ੍ਰੀਤ ਕੌਰ ਨੇ ਸਾਥ ਦਿੱਤਾ ਸੀ ਅਤੇ ਸੰਗਰੂਰ ਵਿੱਚ ਪੂਰੇ ਜ਼ੋਰ ਸ਼ੋਰ ਨਾਲ ਪ੍ਰਚਾਰ ਕੀਤਾ ਸੀ। ਮਾਨ 2014 'ਚ ਪਹਿਲੀ ਵਾਰ ਲੋਕ ਸਭਾ ਲਈ ਚੋਣ ਲੜੇ ਸਨ। ਸਹੁੰ ਚੁੱਕ ਸਮਾਗਮ ਤੋਂ ਪਹਿਲਾਂ ਭਗਵੰਤ ਮਾਨ ਸਵੇਰੇ ਮੋਹਾਲੀ ਵਿਖੇ ਆਪਣੇ ਘਰ ਵਿੱਚ ਮੌਜੂਦ ਸਨ। ਇਸ ਦੌਰਾਨ ਉਨ੍ਹਾਂ ਨੇ ਖਟਕੜ ਕਲਾਂ ਵਿਖੇ ਰਵਾਨਗੀ ਤੋਂ ਪਹਿਲਾਂ ਪੰਜਾਬ ਵਾਸੀਆਂ ਦੇ ਨਾਂਅ ਇੱਕ ਟਵੀਟ ਵੀ ਕੀਤਾ।ਪੰਜਾਬ ਨੂੰ ਅੱਜ ਭਗਵੰਤ ਮਾਨ ਦੇ ਰੂਪ ਵਿੱਚ ਨਵਾਂ ਮੁੱਖ ਮੰਤਰੀ ਮਿਲਣ ਵਾਲਾ ਹੈ।
ਆਮ ਆਦਮੀ ਪਾਰਟੀ ਦੇ ਪੰਜਾਬ ਪ੍ਰਧਾਨ ਭਗਵੰਤ ਮਾਨ ਦੇ ਮੁੱਖ ਮੰਤਰੀ ਵੱਜੋਂ ਸਹੁੰ ਚੁੱਕ ਸਮਾਗਮ ਲਈ ਪੁਖਤਾ ਤਿਆਰੀਆਂ ਹਨ। ਉਹ ਸ਼ਹੀਦ-ਏ-ਆਜ਼ਮ ਭਗਤ ਸਿੰਘ ਸਿੰਘ ਦੇ ਜੱਦੀ ਪਿੰਡ ਖਟਕੜ ਕਲਾਂ ਵਿਖੇ ਸਹੁੰ ਚੁੱਕਣਗੇ। ਮਾਨ ਨੇ ਟਵੀਟ ਵਿੱਚ ਕਿਹਾ, ''ਸੂਰਜ ਦੀ ਸੁਨਿਹਰੀ ਕਿਰਨ ਅੱਜ ਇੱਕ ਨਵੀਂ ਸਵੇਰ ਲੈ ਕੇ ਆਈ ਹੈ। ਅੱਜ ਪੂਰਾ ਪੰਜਾਬ ਖਟਕੜ ਕਲਾਂ ਵਿਖੇ ਸ਼ਹੀਦ ਭਗਤ ਸਿੰਘ ਅਤੇ ਬਾਬਾ ਸਾਹਿਬ ਜੀ ਦੇ ਸੁਪਨਿਆਂ ਨੂੰ ਸਾਕਾਰ ਕਰਨ ਦੀ ਸਹੁੰ ਚੁੱਕੇਗਾ।''