ਆਉਣ ਵਾਲੇ ਦਿਨਾਂ ‘ਚ ਪੰਜਾਬ ‘ਚ ਬੱਸਾਂ ਦਾ ਸਫਰ ਮਹਿੰਗਾ ਹੋ ਸਕਦਾ ਹੈ। ਪੈਪਸੂ ਰੋਡ ਟਰਾਂਸਪੋਰਟ ਕਾਰਪੋਰੇਸ਼ਨ (ਪੀ.ਆਰ.ਟੀ.ਸੀ.) ਵੱਲੋਂ ਪੰਜਾਬ ਸਰਕਾਰ ਨੂੰ ਭੇਜੇ ਪ੍ਰਸਤਾਵ ਵਿੱਚ ਬੱਸ ਕਿਰਾਏ ਵਿੱਚ 10 ਪੈਸੇ ਪ੍ਰਤੀ ਕਿਲੋਮੀਟਰ ਦਾ ਵਾਧਾ ਕੀਤਾ ਗਿਆ ਹੈ। ਡੀਜ਼ਲ ਦੇ ਰੇਟ ਵਿੱਚ ਲਗਾਤਾਰ ਹੋ ਰਹੇ ਵਾਧੇ ਕਾਰਨ ਨਿਗਮ ਨੇ ਇਹ ਫੈਸਲਾ ਲਿਆ ਹੈ। ਜਲਦੀ ਹੀ ਇਸ ਪ੍ਰਸਤਾਵ ਨੂੰ ਕੈਬਨਿਟ ਮੀਟਿੰਗ ਵਿੱਚ ਹਰੀ ਝੰਡੀ ਮਿਲ ਸਕਦੀ ਹੈ। ਕਿਰਾਏ ਵਿੱਚ ਵਾਧੇ ਨਾਲ ਪੀਆਰਟੀਸੀ ਦੀ ਰੋਜ਼ਾਨਾ ਆਮਦਨ 10 ਲੱਖ ਰੁਪਏ ਤੱਕ ਵਧ ਜਾਵੇਗੀ। ਉਨ੍ਹਾਂ ਦੱਸਿਆ ਕਿ ਇਸ ਸਮੇਂ ਪੀ.ਆਰ.ਟੀ.ਸੀ ਦੇ ਫਲੀਟ ਵਿੱਚ 1200 ਦੇ ਕਰੀਬ ਬੱਸਾਂ ਹਨ, ਜਿਨ੍ਹਾਂ ਦਾ ਰੋਜ਼ਾਨਾ ਡੀਜ਼ਲ ਦਾ ਖਰਚਾ ਜੋ ਪਹਿਲਾਂ 71 ਲੱਖ ਰੁਪਏ ਦੇ ਕਰੀਬ ਸੀ, ਹੁਣ ਵਧ ਕੇ 73 ਲੱਖ 50 ਹਜ਼ਾਰ ਹੋ ਗਿਆ ਹੈ।
ਜਿਸ ਤਰ੍ਹਾਂ ਡੀਜ਼ਲ ਦੇ ਰੇਟ ਦਿਨੋਂ-ਦਿਨ ਵੱਧ ਰਹੇ ਹਨ ਅਤੇ ਆਉਣ ਵਾਲੇ ਦਿਨਾਂ ‘ਚ ਖਰਚਾ ਹੋਰ ਵਧਣ ਦੀ ਸੰਭਾਵਨਾ ਹੈ।ਪੀਆਰਟੀਸੀ ਦੇ ਮੈਨੇਜਿੰਗ ਡਾਇਰੈਕਟਰ ਪ੍ਰਨੀਤ ਸ਼ੇਰਗਿੱਲ ਨੇ ਕਿਹਾ ਕਿ ਡੀਜ਼ਲ ਦੇ ਵਧਦੇ ਰੇਟ ਕਾਰਨ ਨਿਗਮ ਲਈ ਆਪਣੇ ਖਰਚੇ ਪੂਰੇ ਕਰਨੇ ਔਖੇ ਹੁੰਦੇ ਜਾ ਰਹੇ ਹਨ। ਉਪਰੋਂ ਛੇਵਾਂ ਤਨਖਾਹ ਕਮਿਸ਼ਨ ਲਾਗੂ ਕਰਨ ਤੋਂ ਬਾਅਦ ਤਨਖਾਹਾਂ ਵਿੱਚ ਵੀ ਵਾਧਾ ਹੋਇਆ ਹੈ। ਇਸ ਸਭ ਦੇ ਮੱਦੇਨਜ਼ਰ ਇਹ ਫੈਸਲਾ ਲਿਆ ਗਿਆ। ਇਸ ਸਮੇਂ ਪੰਜਾਬ ਵਿੱਚ ਪੀਆਰਟੀਸੀ ਬੱਸਾਂ ਦਾ ਕਿਰਾਇਆ 1 ਰੁਪਏ 22 ਪੈਸੇ ਪ੍ਰਤੀ ਕਿਲੋਮੀਟਰ ਹੈ। ਜੇਕਰ ਨਿਗਮ ਦੀ ਤਜਵੀਜ਼ ਮੰਨ ਲਈ ਜਾਂਦੀ ਹੈ ਤਾਂ ਪੀਆਰਟੀਸੀ ਦੀਆਂ ਬੱਸਾਂ ਦਾ ਕਿਰਾਇਆ 1 ਰੁਪਏ 32 ਪੈਸੇ ਪ੍ਰਤੀ ਕਿਲੋਮੀਟਰ ਹੋ ਜਾਵੇਗਾ। ਇਸ ਵੇਲੇ ਨਿਗਮ ਨੂੰ ਬੱਸਾਂ ਤੋਂ ਰੋਜ਼ਾਨਾ ਇੱਕ ਕਰੋੜ 90 ਲੱਖ ਰੁਪਏ ਦੀ ਆਮਦਨ ਹੋ ਰਹੀ ਹੈ।