ਬਾਦਲਾਂ ਨੂੰ ਵੱਡਾ ਝਟਕਾ, ਵੱਡੇ ਲੀਡਰ ਨੇ ਛੱਡਿਆ ਸਾਥ!

Tags

ਸ਼੍ਰੋਮਣੀ ਅਕਾਲੀ ਦਲ ਦੇ ਸਰਪ੍ਰਸਤ ਅਤੇ ਪੰਜਾਬ ਦੇ ਸਾਬਕਾ ਮੁੱਖ ਮੰਤਰੀ ਪ੍ਰਕਾਸ਼ ਸਿੰਘ ਬਾਦਲ ਦੇ ਪ੍ਰਿੰਸੀਪਲ ਸਕੱਤਰ ਰਹੇ ਦਰਬਾਰਾ ਸਿੰਘ ਗੁਰੂ ਵੱਲੋਂ ਅੱਜ ਪਾਰਟੀ ਪ੍ਰਧਾਨ ਸੁਖਬੀਰ ਸਿੰਘ ਬਾਦਲ ਨੂੰ ਆਪਣਾ ਅਸਤੀਫ਼ਾ ਭੇਜ ਦਿੱਤਾ ਗਿਆ ਹੈ। ਇਸ ਅਸਤੀਫੇ ਵਿਚ ਦਰਬਾਰਾ ਸਿੰਘ ਗੁਰੂ ਨੇ ਕੋਈ ਵੀ ਕਾਰਨ ਸਪੱਸ਼ਟ ਨਹੀਂ ਲਿਖਿਆ। ਦਰਬਾਰਾ ਸਿੰਘ ਗੁਰੂ ਅਕਾਲੀ ਸਰਕਾਰ ਦੌਰਾਨ ਮੁੱਖ ਮੰਤਰੀ ਪ੍ਰਕਾਸ਼ ਸਿੰਘ ਬਾਦਲ ਦੇ ਪ੍ਰਿੰਸੀਪਲ ਸੈਕਟਰੀ ਦੇ ਤੌਰ ’ਤੇ ਕੰਮ ਕਰਦੇ ਰਹੇ ਹਨ। 2012 ਵਿਧਾਨ ਸਭਾ ਚੋਣਾਂ ਦੌਰਾਨ ਉਨ੍ਹਾਂ ਨੇ ਬਰਨਾਲਾ ਜ਼ਿਲ੍ਹੇ ਦੇ ਹਲਕਾ ਭਦੌੜ ਤੋਂ ਚੋਣ ਲੜੀ ਸੀ ਪਰ ਉਹ ਕਾਂਗਰਸ ਪਾਰਟੀ ਦੇ ਮੁਹੰਮਦ ਸਦੀਕ ਤੋਂ ਚੋਣ ਹਾਰ ਗਏ ਸਨ। ਮੌਜੂਦਾ ਵਿਧਾਨ ਸਭਾ ਚੋਣਾਂ ਦੌਰਾਨ

ਸ਼੍ਰੋਮਣੀ ਅਕਾਲੀ ਦਲ ਵੱਲੋਂ ਕੱਦਾਵਰ ਆਗੂ ਦਰਬਾਰਾ ਸਿੰਘ ਗੁਰੂ ਨੂੰ ਕਿਸੇ ਵੀ ਵਿਧਾਨ ਸਭਾ ਹਲਕੇ ਤੋਂ ਟਿਕਟ ਨਹੀਂ ਦਿੱਤੀ ਗਈ। ਜਿਸ ਕਰਕੇ ਉਹ ਪਾਰਟੀ ਤੋਂ ਨਾਰਾਜ਼ ਚੱਲੇ ਆ ਰਹੇ ਸਨ ਜਿਸ ਤੋਂ ਬਾਅਦ ਅੱਜ ਉਨ੍ਹਾਂ ਵੱਲੋਂ ਪਾਰਟੀ ਪ੍ਰਧਾਨ ਸੁਖਬੀਰ ਸਿੰਘ ਬਾਦਲ ਨੂੰ ਆਪਣਾ ਅਸਤੀਫਾ ਭੇਜਿਆ ਗਿਆ ਹੈ। ਉੱਥੇ ਉਨ੍ਹਾਂ ਸ਼੍ਰੋਮਣੀ ਅਕਾਲੀ ਦਲ ਦੀ ਮੁੱਢਲੀ ਮੈਂਬਰਸ਼ਿਪ ਵੀ ਛੱਡ ਦਿੱਤੀ ਹੈ। ਹਲਕਾ ਭਦੌੜ ਵਿੱਚ ਚੋਣ ਲੜਨ ਕਰਕੇ ਉਨ੍ਹਾਂ ਦਾ ਚੰਗਾ ਆਧਾਰ ਹੈ। ਇਸ ਤੋਂ ਇਲਾਵਾ 2017 ਵਿਧਾਨ ਸਭਾ ਚੋਣਾਂ ਦੌਰਾਨ ਉਨ੍ਹਾਂ ਨੂੰ ਪਾਰਟੀ ਨੇ ਫਤਹਿਗੜ੍ਹ ਸਾਹਿਬ ਦੇ ਵਿਧਾਨ ਸਭਾ ਹਲਕਾ ਬੱਸੀ ਪਠਾਣਾਂ ਤੋਂ ਚੋਣ ਲੜਾਈ ਸੀ। ਜਦ ਕਿ 2019 ਦੀ ਲੋਕ ਸਭਾ ਚੋਣ ਵੀ ਫਤਹਿਗੜ੍ਹ ਸਾਹਿਬ ਹਲਕੇ ਤੋਂ ਲੜ ਚੁੱਕੇ ਹਨ।

ਵਿਧਾਨ ਸਭਾ ਹਲਕਾ ਭਦੌੜ ਰਿਜ਼ਰਵ ਤੋਂ ਕਾਂਗਰਸ ਪਾਰਟੀ ਦੇ ਉਮੀਦਵਾਰ ਮੁਹੰਮਦ ਸਦੀਕ ਨੂੰ 52,825 ਵੋਟਾਂ ਪ੍ਰਾਪਤ ਹੋਈਆਂ ਸਨ ਜਦਕਿ ਸ਼੍ਰੋਮਣੀ ਅਕਾਲੀ ਦਲ ਤੋਂ ਚੋਣ ਲੜੇ ਦਰਬਾਰਾ ਸਿੰਘ ਗੁਰੂ ਨੂੰ 45,656 ਵੋਟਾਂ ਪ੍ਰਾਪਤ ਹੋਈਆਂ ਸਨ ਅਤੇ ਉਹ ਕਾਂਗਰਸ ਪਾਰਟੀ ਦੇ ਮੁਹੰਮਦ ਸਦੀਕ ਤੋਂ ਚੋਣ ਹਾਰ ਗਏ ਸਨ। ਦਰਬਾਰਾ ਸਿੰਘ ਗੁਰੂ ਸ਼੍ਰੋਮਣੀ ਅਕਾਲੀ ਦਲ ਦੇ ਨਾਲ-ਨਾਲ ਫਤਹਿਗੜ੍ਹ ਸਾਹਿਬ ਵਿਚ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਅਧੀਨ ਚੱਲ ਰਹੀ ਸ੍ਰੀ ਗੁਰੂ ਗ੍ਰੰਥ ਸਾਹਿਬ ਯੂਨੀਵਰਸਿਟੀ ਦੇ ਟਰੱਸਟ ਦੇ ਸੈਕਟਰੀ ਦੇ ਅਹੁਦੇ ’ਤੇ ਵੀ ਬਿਰਾਜਮਾਨ ਸਨ। ਇਸ ਅਹੁਦੇ ਤੋਂ ਵੀ ਦਰਬਾਰਾ ਸਿੰਘ ਗੁਰੂ ਨੇ ਅਸਤੀਫਾ ਦੇ ਦਿੱਤਾ ਹੈ। ਉਨ੍ਹਾਂ ਆਪਣਾ ਅਸਤੀਫ਼ਾ ਐੱਸ. ਜੀ. ਪੀ. ਸੀ. ਦੇ ਪ੍ਰਧਾਨ ਹਰਜਿੰਦਰ ਸਿੰਘ ਧਾਮੀ ਨੂੰ ਭੇਜਿਆ ਹੈ।