ਪ੍ਰਕਾਸ਼ ਬਾਦਲ ਦਾ ਪੋਤਾ ਕੁੱਦਿਆ ਮੈਦਾਨ ’ਚ, ਆਪਣੇ ਦਾਦੇ ਲਈ ਕੀਤਾ ਪ੍ਰਚਾਰ, ਦੇਖੋ ਕਿਵੇ ਲਿਆਂਦੀ ਹਨ੍ਹੇਰੀ

Tags

ਬਾਦਲ ਪਰਿਵਾਰ ਦੀ ਅਗਲੀ ਪੀੜ੍ਹੀ ਸਿਆਸੀ ਮੈਦਾਨ ਵਿੱਚ ਨਿੱਤਰ ਆਈ ਹੈ। ਹਲਕਾ ਲੰਬੀ ਤੋਂ ਅਕਾਲੀ-ਬਸਪਾ ਉਮੀਦਵਾਰ ਪ੍ਰਕਾਸ਼ ਸਿੰਘ ਬਾਦਲ ਦਾ ਪੋਤਰਾ ਅਨੰਤਵੀਰ ਸਿੰਘ ਬਾਦਲ ਆਪਣੇ ਦਾਦੇ ਦੀ ਚੋਣ ਮੁਹਿੰਮ ਨੂੰ ਭਖਾਉਣ ਲਈ ਹਲਕੇ ਦੀ ਜਨਤਕ ਸਫ਼ਾਂ ਵਿੱਚ ਨਿੱਤਰ ਆਇਆ ਹੈ। ਉਹ 20 ਫਰਵਰੀ ਨੂੰ ਪਹਿਲੀ ਵਾਰ ਵੋਟ ਦੇ ਜਮਹੂਰੀ ਅਧਿਕਾਰ ਦੀ ਵਰਤੋਂ ਕਰੇਗਾ। ਅਸ਼ੋਕਾ ਯੂਨੀਵਰਸਿਟੀ ਦਿੱਲੀ ’ਚ ਇਕਨੌਮਿਕਸ ਤੇ ਫਾਇਨਾਂਸ ਦੀ ਬੈਚੁਲਰ ਡਿਗਰੀ ਦੇ ਦੂਜੇ ਵਰ੍ਹੇ ਦਾ ਵਿਦਿਆਰਥੀ ਅਨੰਤਵੀਰ ਚੋਣ ਜਲਸੇ ’ਚ ਸਿਆਸੀ ਤਕਰੀਰਾਂ ਤੋਂ ਦੂਰ ਹੈ। ਉਸ ਵੱਲੋਂ ਹੱਥ ਜੋੜ ਵੋਟਰਾਂ ਨੂੰ ਹਲਕੇ ’ਚ ਦਾਦਾ ਬਾਦਲ ਵੱਲੋਂ ਕੀਤੇ ਵਿਕਾਸ ਕਾਰਜਾਂ ’ਤੇ ਆਧਾਰ ’ਤੇ ਸਹਿਯੋਗ ਦੀ ਅਪੀਲ ਕੀਤੀ ਜਾ ਰਹੀ ਹੈ।

ਪੰਜਾਬ ਭਰ ਵਿੱਚ ਬਹੁਗਿਣਤੀ ਉਮੀਦਵਾਰਾਂ ਦੇ ਪੁੱਤ-ਪੋਤਰੇ ਤੇ ਧੀਆਂ-ਧਿਆਣੀਆਂ ਵੋਟਾਂ ਦੀ ਅਪੀਲ ਕਰ ਰਹੇ ਹਨ ਪਰ ਅਨੰਤਵੀਰ ਬਾਦਲ ਦੇ ਚੋਣ ਪ੍ਰਚਾਰ ਦੀ ਵਿਲੱਖਣਤਾ ਹੈ ਕਿ ਉਹ ਸਭ ਤੋਂ ਵਡੇਰੀ ਉਮਰ ਦੇ ਉਮੀਦਵਾਰ ਤੇ ਪੰਜ ਵਾਰ ਮੁੱਖ ਮੰਤਰੀ ਰਹੇ ਆਪਣੇ ਦਾਦੇ ਲਈ ਪ੍ਰਚਾਰ ਕਰ ਰਿਹਾ ਹੈ। ਜਲਸਿਆਂ ਵਿੱਚ ਉਸ ਨਾਲ ਸੈਲਫੀਆਂ ਲੈਣ ਲਈ ਉਸ ਦੇ ਹਮਉਮਰ ਨੌਜਵਾਨਾਂ ਵਿੱਚ ਕਾਫੀ ਚਾਅ ਹੈ। ਬਿਰਧ ਔਰਤਾਂ ਉਸ ਨੂੰ ‘ਬਾਦਲ ਦਾ ਪੋਤਾ ਆ ਗਿਆ’ ਆਖ ਕੇ ਮਿਲ ਰਹੀਆਂ ਹਨ। ਅਨੰਤਵੀਰ ਸਿੰਘ ਦੀ ਵੱਡੀ ਭੈਣ ਗੁਰਲੀਨ ਕੌਰ ਬਾਦਲ ਵੀ ਆਪਣੀ ਮਾਤਾ ਤੇ ਸੰਸਦ ਮੈਂਬਰ ਹਰਸਿਮਰਤ ਕੌਰ ਬਾਦਲ ਨਾਲ ਬਠਿੰਡਾ ਜ਼ਿਲ੍ਹੇ ਵਿਚ ਚੋਣ ਪ੍ਰਚਾਰ ਵਿੱਚ ਸ਼ਾਮਲ ਹੋਈ ਹੈ। ਜ਼ਿਕਰਯੋਗ ਹੈ ਕਿ 2016 ਵਿੱਚ ਅਨੰਤਵੀਰ ਪਹਿਲੀ ਵਾਰ ਪਿੰਡ ਮਾਨ ਵਿੱਚ ਦਾਦਾ ਪ੍ਰਕਾਸ਼ ਸਿੰਘ ਬਾਦਲ ਦੇ ਸੰਗਤ ਦਰਸ਼ਨ ਵਿੱਚ ਜਨਤਕ ਤੌਰ ’ਤੇ ਸ਼ਾਮਲ ਹੋਇਆ ਸੀ।