ਆਮ ਆਦਮੀ ਪਾਰਟੀ ਦੇ ਪੰਜਾਬ ਪ੍ਰਧਾਨ ਭਗਵੰਤ ਮਾਨ ਨੇ ਪੰਜਾਬ ਵਿਚ ਬੇਰੁਜ਼ਗਾਰੀ ਦੇ ਮੁੱਦੇ ਨੂੰ ਲੈ ਕੇ ਇਕ ਪ੍ਰੈਸ ਕਾਨਫਰੰਸ ਕੀਤੀ। ਉਹਨਾਂ ਆਖਿਆ ਕਿ ਸਾਡਾ ਪੈਸਾ ਅਤੇ ਪ੍ਰਤਿਭਾ ਦੋਵੇਂ ਬਾਹਰ ਜਾ ਰਹੇ ਹਨ, ਕਾਂਗਰਸ ਨੇ ਵਾਅਦਾ ਕੀਤਾ ਸੀ ਕਿ ਨੌਕਰੀਆਂ ਦਿੱਤੀਆਂ ਜਾਣਗੀਆਂ, ਪਰ ਦਿੱਤਾ ਸਿਰਫ ਆਪਣੇ ਚਹੇਤਿਆਂ ਨੂੰ। ਉਹਨਾਂ ਪੰਜਾਬ ਸਰਕਾਰ ਨੂੰ ਘੇਰਦਿਆਂ ਕਿਹਾ ਕਿ ਸਾਡੇ ਬੱਚੇ ਡਿਗਰੀਆਂ ਲੈ ਕੇ ਘਰ ਲੈ ਆਉਂਦੇ ਹਨ, ਉਹਨਾਂ ਡਿਗਰੀਆਂ ਲਈ ਸਰਕਾਰੀ ਦਫਤਰਾਂ ਵਿੱਚ ਜਾਂਦੇ ਹਨ ਤਾਂ ਉਹਨਾਂ ਨੂੰ ਡੰਡੇ ਮਿਲਦੇ ਹਨ, , ਪੱਗਾਂ ਉਤਾਰ ਦਿੱਤੀਆਂ ਗਈਆਂ, ਫਿਰ ਬੱਚੇ ਆਈਲੈਟਸ ਕਰ ਕੇ ਬਾਹਰ ਚਲੇ ਜਾਂਦੇ ਹਨ। ਭਗਵੰਤ ਮਾਨ ਨੇ ਕਿਹਾ ਕਿ ਪੰਜਾਬ 'ਚੋਂ ਇੰਡਸਟਰੀ ਵੀ ਚਲੀ ਗਈ ਅਤੇ ਅਮਨ-ਕਾਨੂੰਨ ਦੀ ਕੋਈ ਸਥਿਤੀ ਨਹੀਂ ਹੈ।
ਭਗਵੰਤ ਮਾਨ ਨੇ ਕਿਹਾ ਕਿ ਪੰਜਾਬ 'ਚ ਆਮ ਆਦਮੀ ਪਾਰਟੀ ਦੀ ਸਰਕਾਰ ਆਉਣ 'ਤੇ ਹਰ ਨੌਜਵਾਨ ਨੂੰ ਰੁਜ਼ਗਾਰ ਦਿੱਤਾ ਜਾਵੇਗਾ ਅਤੇ ਜਦੋਂ ਨੌਜਵਾਨਾਂ ਨੂੰ ਰੁਜ਼ਗਾਰ ਮਿਲ ਗਿਆ ਤਾਂ ਪੰਜਾਬ ਮੁੜ ਰੰਗਲਾ ਪੰਜਾਬ ਬਣ ਜਾਵੇਗਾ। ਭਗਵੰਤ ਮਾਨ ਨੇ ਕਿਹਾ ਕਿ ਸੀ. ਐੱਮ. ਚਿਹਰੇ ਦੇ ਐਲਾਨ ਨਾਲ ਸਬੰਧਿਤ ਜਨਤਾ ਦੀਆਂ ਬਹੁਤ ਸਾਰੀਆਂ ਕਾਲਾਂ ਆ ਰਹੀਆਂ ਹਨ ਅਤੇ ਸੁਝਾਅ ਵੀ ਆ ਰਹੇ ਹਨ। ਉਨ੍ਹਾਂ ਕਿਹਾ ਕਿ ਇਸ ਨਾਲ ਲੋਕਾਂ ਨੂੰ ਪਾਰਟੀ ਨਾਲ ਸਿੱਧੇ ਤੌਰ 'ਤੇ ਗੱਲਬਾਤ ਕਰਨ ਦਾ ਮੌਕਾ ਮਿਲਿਆ ਹੈ। ਮਾਨ ਨੇ ਕਿਹਾ ਕਿ ਭਗਤ ਸਿੰਘ ਅਤੇ ਰਾਜਗੁਰੂ ਨੇ ਦੇਸ਼ ਨੂੰ ਅੰਗਰੇਜ਼ਾਂ ਤੋਂ ਆਜ਼ਾਦ ਕਰਵਾਇਆ ਅਤੇ ਅੱਜ ਹਰ ਕੋਈ ਉਨ੍ਹਾਂ ਅੰਗਰੇਜ਼ਾਂ ਕੋਲ ਵਾਪਸ ਜਾ ਰਿਹਾ ਹੈ।ਉਹਨਾਂ ਵਾਅਦਾ ਕੀਤਾ ਕਿ ਜਦੋਂ ਪੰਜਾਬ ਵਿਚ ਆਮ ਆਦਮੀ ਪਾਰਟੀ ਦੀ ਸਰਕਾਰ ਬਣੇਗੀ ਤਾਂ ਅਸੀਂ ਇੱਥੇ ਪੰਜਾਬ ਵਿੱਚ ਲੋਕਾਂ ਨੂੰ ਨੌਕਰੀਆਂ ਦੇਵਾਂਗੇ ਪੰਜਾਬ ਵਿਚ ਖੁਸ਼ਹਾਲੀ ਲਿਆਵਾਂਗੇ।