ਪੰਜਾਬ ’ਚ ਵਿਧਾਨ ਸਭਾ ਚੋਣਾਂ ਦਾ ਐਲਾਨ ਹੋ ਚੁੱਕਾ ਹੈ, ਜਿਸ ਤੋਂ ਬਾਅਦ ਸਾਰੀਆਂ ਪਾਰਟੀਆਂ ਨੇ ਆਪੋ ਆਪਣੇ ਉਮੀਦਵਾਰਾਂ ਦਾ ਐਲਾਨ ਕਾਫ਼ੀ ਹੱਦ ਤੱਕ ਕਰ ਦਿੱਤਾ ਹੈ। ਚੋਣਾਂ ਨੂੰ ਲੈ ਕੇ ਸਾਰੀਆਂ ਸਿਆਸੀ ਪਾਰਟੀਆਂ ਵੱਖ-ਵੱਖ ਥਾਵਾਂ ’ਤੇ ਜਾ ਕੇ ਚੋਣ ਪ੍ਰਚਾਰ ਕਰ ਰਹੀਆਂ ਹਨ। ਇਸ ਦੌਰਾਨ ਸੋਸ਼ਲ ਮੀਡੀਆ ’ਤੇ ਵੱਖਰੇ ਹੀ ਢੰਗ ਨਾਲ ਚੋਣ ਪ੍ਰਚਾਰ ਕਰਨ ਦੀ ਵੀਡੀਓ ਵਾਇਰਲ ਹੋ ਰਹੀ ਹੈ। ਉਮੀਦਵਾਰ ਦੇ ਹੱਕ ’ਚ ਬਾਜ਼ਾਰਾਂ ’ਚ ਜਦੋਂ ਨੌਜਵਾਨ ਮੁੰਡੇ-ਕੁੜੀਆਂ ਡਾਂਸ ਕਰਕੇ ਚੋਣ ਪ੍ਰਚਾਰ ਕਰ ਰਹੇ ਸਨ ਤਾਂ ਕਈ ਦੁਕਾਨਦਾਰਾਂ ਨੇ ਇਸ ਗੱਲ ਦਾ ਵਿਰੋਧ ਕੀਤਾ। ਦੁਕਾਨਦਾਰਾਂ ਨੇ ਕਿਹਾ ਕਿ ਚੋਣਾਂ ’ਚ ਉਮੀਦਾਵਾਰ ਆਪਣਾ ਪ੍ਰਚਾਰ ਕਰਨ ਲਈ ਛੋਟੀ ਉਮਰ ਦੀਆਂ ਕੁੜੀਆਂ ਤੋਂ ਡਾਂਸ ਕਰਵਾ ਰਹੇ ਹਨ,
ਜੋ ਗ਼ਲਤ ਹੈ। ਚੋਣ ਪ੍ਰਚਾਰ ਕਰਨ ਦੇ ਹੋਰ ਵੀ ਬਹੁਤ ਸਾਰੇ ਤਰੀਕੇ ਹਨ ਪਰ ਇਹ ਤਰੀਕਾ ਸਹੀ ਨਹੀਂ। ਮਿਲੀ ਜਾਣਕਾਰੀ ਅਨੁਸਾਰ ਵਾਇਰਲ ਹੋ ਰਹੀ ਵੀਡੀਓ ਪੰਜਾਬ ਦੇ ਫਤਿਹਗੜ੍ਹ ਸਾਹਿਬ ਦੀ ਹੈ। ਫਤਿਹਗੜ੍ਹ ਸਾਹਿਬ ਦੇ ਇਕ ਉਮੀਦਵਾਰ ਨੇ ਆਪਣੇ ਹਲਕੇ ’ਚ ਚੋਣ ਪ੍ਰਚਾਰ ਕਰਨ ਲਈ ਬਾਹਰੋ ਇਕ ਡਾਂਸ ਗਰੁੱਪ ਮੰਗਵਾਇਆ ਹੈ, ਜੋ ਅਨੋਖੇ ਅਤੇ ਅਜੀਬ ਤਰੀਕੇ ਨਾਲ ਨੱਚ ਕੇ ਪ੍ਰਚਾਰ ਕਰ ਰਿਹਾ ਹੈ। ਬਾਹਰੋ ਆਏ ਨੌਜਵਾਨ ਮੁੰਡੇ-ਕੁੜੀਆਂ ਫ਼ਤਿਹਗੜ੍ਹ ਸਾਹਿਬ ਦੀ ਹਰੇਕ ਗਲੀ, ਬਾਜ਼ਾਰ ’ਚ ਡਾਂਸ ਕਰਦੇ ਹੋਏ ਵਿਖਾਈ ਦੇ ਰਹੇ ਹਨ।